ਅੰਮ੍ਰਿਤਸਰ 19 ਮਈ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਇਸ ਵਿਚ ਸੇਵਾ ਕਰਨ ਦਾ ਮੌਕਾ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਇਸ ਸੰਸਥਾ ਵਿਚ ਸੇਵਾ ਕਰਨ ਵਾਲਿਆਂ (ਮੁਲਾਜ਼ਮ) ਦੇ ਪਰਿਵਾਰਾਂ ਵਿਚ ਕੋਈ ਊਣਤਾਈ ਜਾਂ ਪਤਿੱਤਪੁਣਾ ਹੈ ਤਾਂ ਉਹ ਮੰਦਭਾਗਾ ਹੈ। ਇਸ ਲਈ ਸਮੂੰਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਪਰਿਵਾਰਾਂ ਵਿਚੋਂ ਇਕ ਮਹੀਨੇ ਦੇ ਅੰਦਰ-ਅੰਦਰ ਪਤਿੱਤਪੁਣਾ ਖ਼ਤਮ ਕਰ ਦੇਣ ਜੇਕਰ ਕੋਈ ਮੁਲਾਜ਼ਮ ਜਾਂ ਉਸ ਦੇ ਪਰਿਵਾਰ ਵਿਚ ਕੋਈ ਅਜਿਹੀ ਘਾਟ ਸਾਹਮਣੇ ਆਈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੀਆਂ ਰਿਹਾਇਸ਼ਾਂ ਵਿਚ ਰਹਿ ਰਹੇ ਹਨ ਉਨ੍ਹਾਂ ਦੀ ਬਕਾਇਦਾ ਜਾਂਚ ਕਰਵਾਈ ਜਾਵੇਗੀ ਕਿ ਜੇਕਰ ਇਕ ਮਹੀਨੇ ਬਾਅਦ ਕੋਈ ਅਜਿਹੀ ਘਾਟ ਵਾਲਾ ਮੁਲਾਜ਼ਮ ਸਾਹਮਣੇ ਆਇਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਸ ਸੰਸਥਾ ਦਾ ਮੁੱਖ ਮਕਸਦ ਹੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਜੇਕਰ ਇਸ ਦੇ ਮੁਲਾਜ਼ਮਾਂ ਵਿਚ ਹੀ ਘਾਟ ਹੋਵੇਗੀ ਤਾਂ ਦੂਸਰਿਆਂ ਨੂੰ ਸਿੱਖੀ ਨਾਲ ਜੋੜਨ ਲਈ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ‘ਚ ਸੇਵਾ ਕਰਦੇ ਕਰਮਚਾਰੀ ਸਮਾਜ ਲਈ ਸਾਰਥਿਕ ਭੂਮਿਕਾ ਨਿਭਾਉਣ। ਜਿਸ ਨਾਲ ਇਸ ਸੰਸਥਾ ਦਾ ਸਿਰ ਮਾਣ ਨਾਲ ਉੱਚਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਕਰਮਚਾਰੀ ਦੇ ਆਚਰਣ ਹੀਣਤਾ ਦੀ ਕੋਈ ਖਬਰ ਮਿਲਦੀ ਹੈ ਤਾਂ ਉਹ ਸਮੁੱਚੀ ਸੰਸਥਾ ਦੀ ਬਦਨਾਮੀ ਦਾ ਕਾਰਨ ਬਣਦੀ ਹੈ।ਇਸ ਲਈ ਸਾਰੇ ਮੁਲਾਜ਼ਮ ਆਪਣੀ ਸਵੈ ਪੜਚੋਲ ਕਰਨ ਅਤੇ ਕਮੀਆਂ ਨੂੰ ਦੂਰ ਕਰਨ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਭਰਤੀ ਹੋਏ ਤੇ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੇ ਰਿਫਰੈਸ਼ਰ ਕੋਰਸ ਚਾਲੂ ਕੀਤੇ ਜਾਣਗੇ। ਜਿਸ ਵਿਚ ਜੀਵਨ ਜਾਂਚ ਅਤੇ ਧਾਰਮਿਕ ਮਰਿਯਾਦਾ ਸਿੱਖ ਇਤਿਹਾਸ ਬਾਰੇ ਪ੍ਰੀਖਿਆ ਲਾਜ਼ਮੀ ਹੋਵੇਗੀ। ਪਤਿੱਤ ਬੱਚਿਆਂ ਨੂੰ ਪਰੇਰ ਕੇ ਵਾਪਸ ਸਿੱਖੀ ਵਿਚ ਲਾਆਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਤੇ ਸਾਡੇ ਪ੍ਰਚਾਰਕਾਂ ਵਲੋਂ ਪੰਜਾਬ ਦੇ ਸਕੂਲਾਂ ਵਿਚ ਜਾ ਕੇ ਪਤਿੱਤ ਬੱਚਿਆਂ ਨੂੰ ਪ੍ਰੇਰ ਕੇ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਤਹਿਤ ਉਨ੍ਹਾਂ ਕੋਲੋਂ ਪ੍ਰਣ-ਪੱਤਰ ਭਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਸਵਿਕਾਰਦਿਆਂ ਬਹੁਤ ਸਾਰੇ ਸਕੂਲੀ ਬੱਚਿਆਂ ਨੇ ਪ੍ਰਣ-ਪੱਤਰ ਭਰੇ ਹਨ ਤੇ ਉਨ੍ਹਾਂ ਬੱਚਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਤ ਵੀ ਕੀਤਾ ਜਾਵੇਗਾ।