-ਦਿਲਜੀਤ ਸਿੰਘ ‘ਬੇਦੀ’
ਮੋ: 98148-98570

ਅੱਜ ਦੇ ਯੁੱਗ ਅੰਦਰ ਹਰ ਕੰਮ ਤਕਨਾਲੋਜੀ ਉੱਪਰ ਅਧਾਰਤ ਹੈ। ਆਧੁਨਿਕ ਤਰੀਕੇ ਦੇ ਸੰਚਾਰ ਸਾਧਨਾ ਨਾਲ ਸਾਡੀ ਪਹੁੰਚ ਦੁਨੀਆਂ ਦੇ ਹਰ ਕੋਨੇ ਤਕ ਅੱਜ ਮਿੰਟਾਂ ਵਿਚ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਸਾਰੀਆਂ ਆਧੁਨਿਕ ਵਿਧੀਆਂ ਨੂੰ ਅਪਣਾਇਆ ਜਾ ਰਿਹਾ ਹੈ। ਇਸ ਤਹਿਤ ਦਨੀਆਂ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਨੈੱਟ ਦੇ ਇਸ ਮਾਧਿਅਮ ਦੁਆਰਾ ਆਪਣੀ ਵੈੱਬਸਾਈਟ www.sgpc.net ‘ਤੇ ਅਨੇਕਾਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਜਾਣਕਾਰੀ ਪਾਠਕਾਂ ਤਕ ਪਹੁੰਚਾਉਣਾ ਇਨ੍ਹਾਂ ਸ਼ਬਦਾਂ ਦਾ ਮੰਤਵ ਹੈ।

ਦੇਸ਼-ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ। ਇਸ ਲਈ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਕੀਰਤਨ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਟਰਨੈੱਟ ਵਿਭਾਗ ਵੱਲੋਂ ਵਿਸ਼ੇਸ਼ ‘ਸਟੈਂਡ ਅਲੋਨ ਕੀਰਤਨ ਪਲੇਅਰ’ ਬਣਾਇਆ ਗਿਆ ਹੈ, ਜਿਸ ਤਹਿਤ ਕੇਵਲ ਇਕ ਕਲਿੱਕ ਕਰਨ ਨਾਲ ਸੰਗਤਾਂ ਦੇਸ਼-ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਕੀਰਤਨ ਨੂੰ ਮੀਡੀਅਮ ਅਤੇ ਹਾਈ ਕੁਆਲਿਟੀ ਵਿਚ ਲਾਈਵ ਸੁਣ ਸਕਦੀਆਂ ਹਨ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਮੁੱਖਵਾਕ ਦੀ ਕਥਾ ਵੀ ਸੰਗਤਾਂ ਤਕ ਪਹੁੰਚਾਈ ਜਾ ਰਹੀ ਹੈ ਅਤੇ ਰੋਜ਼ਾਨਾ ਕੀਰਤਨ ਦੀ ਹਾਜਰੀ ਭਰਨ ਵਾਲੇ ਜਥਿਆਂ ਦੀਆਂ ਡਿਊਟੀਆਂ ਦਾ ਵੇਰਵਾ ਵੀ ਇਸ ਕੀਰਤਨ ਪਲੇਅਰ ਉੱਪਰ ਉਪਲਬਧ ਕਰਵਾਇਆ ਗਿਆ ਹੈ। ਇਸ ਪਲੇਅਰ ਦੀ ਵਰਤੋਂ ਕੰਪਿਊਟਰ ਦੀ ਬਹੁਤੀ ਜਾਣਕਾਰੀ ਨਾ ਰੱਖਣ ਵਾਲਿਆਂ ਲਈ ਵੀ ਸਹਿਲ ਹੈ। ਗੁਰਬਾਣੀ ਕੀਰਤਨ ਦੇ ਪ੍ਰੇਮੀਆਂ ਨੂੰ ਹੋਰ ਸਹੂਲਤ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਨ ਲਈ ਵੈੱਬਸਾਈਟ ਤੋਂ ‘ਵੈੱਬ-ਗੁਰਬਾਣੀ ਡਿਸਪਲੇ ਸਿਸਟਮ’ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ਤਹਿਤ ਕੀਰਤਨ ਦੀ ਵਿਆਖਿਆ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਮੁਹੱਈਆ ਕਰਵਾਈ ਜਾ ਰਹੀ ਹੈ। ਆਨਲਾਈਨ ਕੀਰਤਨ ਸਰਵਣ ਕਰਨ ਵਾਲੀਆਂ ਸੰਗਤਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਬਹੁਤ ਸਾਰੀਆਂ ਸੰਗਤਾਂ ਦੀ ਇੱਛਾ ਹੁੰਦੀ ਹੈ ਉਨ੍ਹਾਂ ਨੂੰ ਪੁਰਾਤਨ ਰਾਗੀ ਸਿੰਘਾਂ ਵੱਲੋਂ ਗਾਇਨ ਕੀਤੇ ਗੁਰਬਾਣੀ ਕੀਰਤਨ ਦਾ ਖਜ਼ਾਨਾ ਮਿਲੇ। ਸੰਗਤਾਂ ਦੀ ਇਸ ਮੰਗ ਨੂੰ ਮੁੱਖ ਰੱਖਦਿਆਂ ਪੁਰਾਤਨ ਰਾਗੀ ਸਿੰਘਾਂ ਵੱਲੋਂ ਗਾਇਨ ਗੁਰਬਾਣੀ ਕੀਰਤਨ ਨੂੰ ਵੀ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਤੋਂ ਸੁਣਆਂ ਜਾ ਸਕਦਾ ਹੈ। ਇਸ ਸੁਵਿਧਾ ਤਹਿਤ ਉੱਘੇ ਪੁਰਾਤਨ ਰਾਗੀ ਸਿੰਘਾਂ ਜਿਨ੍ਹਾਂ ਵਿਚ ਭਾਈ ਧਰਮ ਸਿੰਘ ਜ਼ਖਮੀ, ਭਾਈ ਦਿਲਬਾਗ ਸਿੰਘ ਭਾਈ ਗੁਲਬਾਗ ਸਿੰਘ, ਭਾਈ ਗਿਆਨ ਸਿੰਘ ਅਲਮਸਤ, ਗੁਲਾਮ ਮੁਹੰਮਦ ਆਦਿ ਵੱਲੋਂ ਗਾਇਨ ਕੀਤਾ ਗਿਆ ਗੁਰਬਾਣੀ ਕੀਰਤਨ ਉਪਲਬਧ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਆਉਣ ਵਾਲੇ ਮੁੱਖਵਾਕ ਦੀ ਕਥਾ ਗੁ: ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਸਿੱਖ ਪੰਥ ਦੇ ਮਹਾਨ ਕਥਾਵਾਚਕਾਂ ਵੱਲੋਂ ਕੀਤੀ ਜਾਂਦੀ ਹੈ। ਕਥਾ ਕਰਨ ਵਾਲੇ ਕਥਾਵਾਚਕਾਂ ਦੀ ਡਿਊਟੀ ਲਿਸਟ ਵੀ ਪਿਛਲੇ ਸਮੇਂ ਤੋਂ ਸੰਗਤਾਂ ਦੀ ਸਹੂਲਤ ਲਈ ਮੁਹੱਈਆ ਕਰਵਾਈ ਜਾ ਰਹੀ ਹੈ।

ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਕੀਰਤਨ ਦੀ ਰਿਕਾਰਡਿੰਗ  ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਪਤੀ ਸਮੇਂ ਤੱਕ ਤਕਰੀਬਨ 20 ਘੰਟੇ ਦੀ ਇਕ ਹੀ ਫਾਈਲ ਬਣਦੀ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਸਰਵਰ ‘ਤੇ ਉਪਲਬਧ ਹੁੰਦੀ ਸੀ। ਪਰ ਹੁਣ ਇੰਟਰਨੈੱਟ ਵਿਭਾਗ ਰਾਹੀਂ ਇਹ ਕਾਰਜ ਹੋਰ ਸੁਖਾਲਾ ਕਰਦੇ ਹੋਏ ਰੋਜ਼ਾਨਾ ਗੁਰਬਾਣੀ ਕੀਰਤਨ ਨੂੰ ਰਾਗੀ ਸਿੰਘਾਂ ਦੀ ਡਿਊਟੀ ਮੁਤਾਬਕ ਉਨ੍ਹਾਂ ਦੇ ਨਾਮ, ਡਿਊਟੀ ਦਾ ਸਮਾਂ ਅਤੇ ਡਿਊਟੀ ਦੀ ਤਾਰੀਖ ਅਨੁਸਾਰ ਕਟਿੰਗ/ਐਡੀਟਿੰਗ ਕਰਕੇ ਸ਼੍ਰੋਮਣੀ ਵੈੱਬਸਾਈਟ ‘ਤੇ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਸਾਲ 2006 ਤੋਂ ਹੁਣ ਤੱਕ ਦੀ ਕੀਰਤਨ ਰਿਕਾਰਡਿੰਗ ਦੀ ਕਟਿੰਗ/ਐਡੀਟਿੰਗ ਕਰਕੇ ਇਸ ਦੇ ਭੰਡਾਰਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਂਦੇ ਗੁਰਬਾਣੀ ਕੀਰਤਨ ਦਾ ਵਿਸ਼ਾਲ ਭੰਡਾਰ ਇਕੱਤਰ ਹੋ ਜਾਵੇਗਾ।
ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈੱਬਸਾਈਟ ਉੱਪਰ ਮਹੀਨਾਵਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਦੀ ਜਾਣਕਾਰੀ ਨਾਨਕਸ਼ਾਹੀ ਤਾਰੀਖਾਂ ਦਰਸਾਈ ਗਈ ਹੈ। ਇਸ ਦੇ ਨਾਲ ਹੀ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਆਦਿ ਬਾਰੇ ਇਕ ਵਿਸ਼ੇਸ਼ ਪੈਂਫਲੈਟ ਡਿਜ਼ਾਇਨ ਕਰਕੇ ਵੈੱਬਸਾਈਟ ਉੱਪਰ ਪਾਇਆ ਗਿਆ ਹੈ।

ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਅਤੇ ਹਿੰਦੀ ਦੇ ਮਾਸਿਕ ਪੱਤਰ ਗੁਰਮਤਿ ਗਿਆਨ ਨੂੰ ਪੀ.ਡੀ.ਐਫ. ਫਾਈਲਾਂ ਦੇ ਰੂਪ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਮੈਗਜ਼ੀਨ ‘ਗੁਰਦੁਆਰਾ ਗਜ਼ਟ’ ਵੀ ਅੰਗ੍ਰੇਜ਼ੀ/ਪੰਜਾਬੀ ਰੂਪ ਵਿਚ ਸੰਗਤਾਂ ਦੀ ਸਹੂਲਤ ਵਾਸਤੇ ਉਪਲਬਧ ਕਰਵਾਇਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਫੇਸਬੁੱਕ ਪੇਜ ਵੀ ਇੰਟਰਨੈੱਟ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਪੇਜ ਉੱਪਰ ਰੋਜ਼ਾਨਾ ਮੁੱਖਵਾਕ, ਪ੍ਰੈੱਸ ਨੋਟ, ਅਪੀਲਾਂ, ਸੰਦੇਸ਼ ਅਤੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬਾਂ ਦੀਆਂ ਸਲਾਈਡਾਂ ਬਣਾ ਕੇ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਸਿੱਖਾਂ ਨਾਲ ਸਬੰਧਤ ਇਤਿਹਾਸਕ ਦਿਹਾੜਿਆਂ ਸਬੰਧੀ ਸਲਾਈਡਾਂ ਵੀ ਤਿਆਰ ਕਰਕੇ ਅਪਡੇਟ ਕੀਤੀਆਂ ਜਾਂਦੀਆਂ ਹਨ। ਇਸ ਪੇਜ ਨੂੰ ੩ ਲੱਖ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਵੈੱਬਸਾਈਟ ਉੱਪਰ ਮੁਹੱਈਆ ਹੈ। ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦੇਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਲਿਟਰੇਚਰ (ਕਿਤਾਬਾਂ, ਟ੍ਰੈਕਟ ਆਦਿਕ) ‘ਈ-ਬੁਕਜ਼’ ਲਿੰਕ ਹੇਠ ਪੀ.ਡੀ.ਐਫ. ਰੂਪ ਵਿਚ ਵੈੱਬਸਾਈਟ ਤੇ ਉਪਲੱਬਧ ਹਨ, ਜਿਸ ਦੀ ਮਦਦ ਨਾਲ ਸੰਗਤਾਂ ਗੁਰੂ ਸਾਹਿਬਾਨ ਦੇ ਜੀਵਨ, ਸਿੱਖਿਆਵਾਂ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਹਾਸਲ ਕਰ ਰਹੀਆਂ ਹਨ। ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਸਾਹਮਣੇ ਰੱਖਦਿਆਂ ਗੁਰਬਾਣੀ ਨਿਤਨੇਮ ਅਤੇ ਹੋਰ ਬਾਣੀਆਂ ਦੀਆਂ ਆਡੀਓ ਫਾਈਲਾਂ ਬਣਾ ਕੇ ਵੈੱਬਸਾਈਟ ‘ਤੇ ਉਪਲਬਧ ਕਰਵਾਈਆਂ ਗਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਡਾਕੂਮੈਂਟ ਅਤੇ ਪੀ.ਡੀ.ਐਫ ਫਾਈਲਾਂ, ਪ੍ਰੋ: ਸਾਹਿਬ ਸਿੰਘ ਵੱਲੋਂ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਪ੍ਰੋ: ਸੰਤ ਸਿੰਘ ਜੀ ਦੁਆਰਾ ਤਿਆਰ ਟੀਕਾ (ਅੰਗ੍ਰੇਜ਼ੀ), ਕਬਿੱਤ ਅਤੇ ਵਾਰਾਂ ਭਾਈ ਗੁਰਦਾਸ ਜੀ ਆਦਿ ਵੀ ਵੈੱਬਸਾਈਟ ‘ਤੇ ਉਪਲੱਬਧ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਪਤੀ ਸਮੇਂ ਤੱਕ ਦੀ ਮਰਯਾਦਾ ਸਬੰਧੀ ਸਮਾਂ-ਸਾਰਨੀ ਅਤੇ ਪੂਰਾ ਵੇਰਵਾ ਸੰਗਤਾਂ ਦੀ ਸਹੂਲਤ ਲਈ ਵੈੱਬਸਾਈਟ ਉੱਪਰ ਉਪਲਬਧ ਹੈ, ਜਿਸ ਦੀ ਮਦਦ ਨਾਲ ਦੇਸ਼-ਵਿਦੇਸ਼ ਵਿਚਲੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਮਰਯਾਦਾ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀਆਂ ਹਨ।

ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਥੇ ਉਪਲਬਧ ਸਮਗਰੀ ਭਾਵੇਂ ਅਜੇ ਹੋਰ ਵਿਸਥਾਰ ਮੰਗਦੀ ਹੈ ਪਰ ਵਰਤੋਂਕਾਰਾਂ ਵੱਲੋਂ ਇਸ ਦੀ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਵਰਤੋਂ ਇਸ ਦੀ ਸਾਰਥਿਕਤਾ ਨੂੰ ਸਵੀਕਾਰ ਕਰਦੀ ਹੈ। ਅਗਲੇ ਸਮੇਂ ਵਿਚ ਇਸ ਵੈੱਬਸਾਈਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਤਹਿਤ ਸਿੱਖ ਇਤਿਹਾਸ ਰੀਸਰਚ ਬੋਰਡ ਨਾਲ ਸਬੰਧਤ ਕੀਮਤੀ ਖਜ਼ਾਨਾ ਅਪਲੋਡ ਕਰਨ ਅਤੇ ਕੇਂਦਰੀ ਸਿੱਖ ਅਜਾਇਬਘਰ ਨੂੰ ਡਿਜੀਟਲ ਰੂਪ ਵਿਚ ਡਿਸਪਲੇ ਕਰਨ ਦੇ ਯਤਨ ਜਾਰੀ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ‘੩-ਡੀ ਵਰਚੂਅਲ ਟੂਲ’ ਦੀ ਸੁਵਿਧਾ ਨਾਲ ਸੰਗਤਾਂ ਤਕ ਪਹੁੰਚਾਇਆ ਜਾਵੇਗਾ, ਜਿਸ ਵਿਚ ੩੬੦ ਡਿਗਰੀ ਦਾ ਪੂਰਾ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਇੱਕ ‘ਮੋਬਾਇਲ ਐਪ’ ਲਾਂਚ ਕੀਤੀ ਜਾ ਰਹੀ ਹੈ ਅਤੇ ਆਪਣਾ ਸਟੂਡੀਓ ਸਥਾਪਿਤ ਕਰਨ ਲਈ ਵੀ ਵਿਚਾਰ ਕੀਤੀ ਜਾ ਰਹੀ ਹੈ, ਤਾਂ ਜੋ ਇੰਟਰਨੈੱਟ ਦੁਆਰਾ ਗੁਰਮਤਿ ਪ੍ਰਚਾਰ ਨੂੰ ਆਧੁਨਿਕ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਸਕੇ।