22-08-2015-2ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੇ ਆਏ ਖੇਤੀ ਮਾਹਰਾਂ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ 22 ਅਗਸਤ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿਚੋਂ ਪੰਜ-ਪੰਜ ਏਕੜਾਂ ਵਿੱਚ ਕੁਦਰਤੀ ਖੇਤੀ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਜਿਸ ਨੂੰ ਅੰਤਿਮ ਰੂਪ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੇ ਸ. ਕਾਹਨ ਸਿੰਘ ਪੰਨੂੰ ਐਮ.ਡੀ. ਪੰਜਾਬ ਐਗਰੋ ਦੀ ਅਗਵਾਈ ਵਿੱਚ ਖੇਤੀਬਾੜੀ ਮਾਹਰਾਂ ਦੀ ਟੀਮ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਅਹਿਮ ਵੀਚਾਰ-ਵਟਾਂਦਰਾ ਕੀਤਾ।ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਕੁਦਰਤੀ ਖੇਤੀ ਸਬੰਧੀ ਮੀਟਿੰਗ ਕਰਨ ਲਈ ਸ. ਕਾਹਨ ਸਿੰਘ ਪੰਨੂੰ ਦੇ ਨਾਲ ਡਾ. ਬਲਵਿੰਦਰ ਸਿੰਘ ਸੋਹਲ ਜੁਆਇੰਟ ਡਾਇਰੈਕਟਰ ਪਲਾਂਟ ਪ੍ਰੋਟੈਕਸ਼ਨ ਪੰਜਾਬ, ਡਾ. ਮਨੋਜ ਕੁਮਾਰ ਜੂਨੀਅਰ ਸੈਂਟੀਫਿਕ ਆਫੀਸਰ ਆਰਗੈਨਿਕ ਫਾਰਮਿੰਗ ਪੰਚਕੂਲਾ (ਹਰਿਆਣਾ), ਸ. ਸਤਵੰਤ ਸਿੰਘ ਢਿਲੋਂ ਖੇਤੀਬਾੜੀ ਮਹਿਕਮਾ ਪੰਜਾਬ, ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ, ਡਾ. ਗੁਰਦੀਪ ਸਿੰਘ ਨਾਗਪਾਲ ਸੰਪਰਕ ਕਰਤਾ ਕੁਦਰਤੀ ਫਾਰਮਿੰਗ ਬੈਂਗਲੌਰ, ਮੈਡਮ ਮਧੂ ਗਿੱਲ ਸੰਪਰਕ ਕਰਤਾ ਕੁਦਰਤੀ ਫਾਰਮਿੰਗ ਪੰਜਾਬ ਐਗਰੋ ਚੰਡੀਗੜ੍ਹ, ਸ. ਸੁਮਿਤ ਸਿੰਘ ਜੀਵਨ ਆਰਗੈਨਿਕ ਫਰਟੀਲਾਈਜ਼ਰ ਅੰਮ੍ਰਿਤਸਰ ਅਤੇ ਸ. ਹਰਦਿਆਲ ਸਿੰਘ ਬਾਗਬਾਨੀ ਵਿਭਾਗ ਉਚੇਚੇ ਤੌਰ ‘ਤੇ ਪਹੁੰਚੇ।
ਆਏ ਹੋਏ ਸਾਰੇ ਅਧਿਕਾਰੀਆਂ ਦਾ ਹਾਰਦਿਕ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ੧੧੫ ਤੋਂ ਜ਼ਿਆਦਾ ਸਕੂਲ/ਕਾਲਜ ਚਲਾ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਸੁਪਨਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਕਰਤਾਰਪੁਰ ਵਿਖੇ ਕੀਤੀ ਖੇਤੀ ਤੇ ਆਧਾਰਿਤ ਅੱਗੇ ਵਧੇ।ਉਨ੍ਹਾਂ ਕਿਹਾ ਕਿ ਅੱਜ ਫਸਲਾਂ ਦਾ ਵੱਧ ਝਾੜ ਲੈਣ ਦੀ ਹੌੜ ਵਿੱਚ ਕਿਸਾਨ ਵੀਰ ਵੱਧ ਤੋਂ ਵੱਧ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਕੇ ਅਸੀਂ ਪੰਜਾਬ ਦਾ ਪੌਣ-ਪਾਣੀ ਗੰਦਲਾ ਕਰ ਬੈਠੇ ਹਾਂ ਜਿਸ ਨਾਲ ਕੈਂਸਰ ਵਰਗੇ ਭਿਆਨਕ ਰੋਗਾਂ ਵਿੱਚ ਮਨੁੱਖੀ ਜੀਵਨ ਦਿਨ-ਬ-ਦਿਨ ਜਕੜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਭਿਆਨਕ ਰੋਗਾਂ ਤੋਂ ਨਜਾਤ ਪਾਉਣ ਅਤੇ ਪੰਜਾਬ ਦੇ ਕਿਸਾਨਾਂ ਲਈ ਰੋਲ ਮਾਡਲ ਦਾ ਰੂਪ ਅਖਤਿਆਰ ਕਰਦਿਆਂ ਸ਼੍ਰੋਮਣੀ ਕਮੇਟੀ ਕੁਦਰਤੀ ਖੇਤੀ ਕਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਕਦੇ ਵੀ ਲਾਭ ਨੂੰ ਅਹਿਮੀਅਤ ਨਹੀਂ ਦਿੱਤੀ ਬਲਕਿ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫਤ ਸੁਨਾਮੀ ਆਵੇ ਭਾਵੇਂ ਜੰਮੂ-ਕਸ਼ਮੀਰ ਵਿੱਚ ਹੜ੍ਹ ਆਇਆ ਹੋਵੇ ਜਾਂ ਉਤਰਾਖੰਡ ਵਿੱਚ ਹੜ੍ਹ ਆ ਜਾਵੇ ਤੇ ਜਾਂ ਫਿਰ ਗੁਆਂਢੀ ਦੇਸ਼ ਨੇਪਾਲ ਵਿੱਚ ਭੂਚਾਲ ਆਵੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਅਨੁਸਾਰ ਪਹਿਲ ਦੇ ਆਧਾਰ ਤੇ ਉਥੇ ਪਹੁੰਚ ਕੇ ਬਿਨਾਂ ਭੇਦਭਾਵ ਮਨੁੱਖਤਾ ਦੀ ਸੇਵਾ ਕਰਦੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੈਂਸਰ ਰੋਗ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ੨੦ ਹਜ਼ਾਰ ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਤਕਰੀਬਨ ੭ ਕਰੋੜ ਰੁਪਏ ਦੀ ਸਹਾਇਤਾ ਵੰਡ ਚੁੱਕੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਸ਼੍ਰੋਮਣੀ ਕਮੇਟੀ ਹਰ ਹਾਲਤ ਵਿੱਚ ਕੁਦਰਤੀ ਖੇਤੀ ਕਰੇਗੀ ਅਤੇ ਕੁਝ ਸਮੇਂ ਬਾਅਦ ਪੰਜਾਬ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕਰਦਿਆਂ ਜਾਗਰੂਕ ਕਰੇਗੀ।
ਇਸ ਮੌਕੇ ਸ. ਕਾਹਨ ਸਿੰਘ ਪੰਨੂੰ ਆਈ ਏ ਐਸ ਐੱਮ.ਡੀ. ਪੰਜਾਬ ਐਗਰੋ ਨੇ ਕੁਦਰਤੀ ਖੇਤੀ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ੧੯੫੦ ਤੋਂ ਪਹਿਲਾਂ ਵਾਲੀ ਕੁਦਰਤੀ ਖੇਤੀ ਨੂੰ ਛੱਡ ਕੇ ਵਪਾਰਕ ਖੇਤੀ ਅਪਣਾ ਲਈ ਹੈ ਵਪਾਰਕ ਖੇਤੀ ਤੋਂ ਲਾਭ ਲੈਣ ਦੀ ਹੌੜ ਵਿੱਚ ਅਸੀਂ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਲਈ ਹੈ।ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਛੱਡ ਕੇ ਫਸਲ ਦਾ ਵੱਧ ਝਾੜ ਲੈਣ ਦੀ ਹੌੜ ਵਿੱਚ ਪੰਜਾਬ ਦੀ ਕਿਸਾਨੀ ਵੱਲੋਂ ਬੇਤਹਾਸ਼ਾ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਪੌਣ-ਪਾਣੀ ਗੰਦਲਾ ਹੋ ਚੁੱਕਾ ਹੈ ਤੇ ਪੌਣ-ਪਾਣੀ ਦੇ ਗੰਦਲਾ ਹੋਣ ਕਰਕੇ ਹੀ ਅਸੀਂ ਕੈਂਸਰ ਵਰਗੇ ਮਾਰੂ ਰੋਗਾਂ ਦੀ ਮਾਰ ਝੱਲ ਰਹੇ ਹਾਂ।ਉਨ੍ਹਾਂ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਦਿਨ ਬ ਦਿਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆ ਵਿੱਚ ਫਸਦੇ ਜਾਂਦੇ ਮਨੁੱਖੀ ਜੀਵਨ ਨੂੰ ਬਾਹਰ ਕੱਢਣ ਦਾ ਉਪਰਾਲਾ ਕਰਦਿਆਂ ਆਪਣੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨਾਂ ਵਿੱਚ ਕੁਦਰਤੀ ਖੇਤੀ ਕਰਨ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿੱਚ ਇਸ ਖੇਤੀ ਨਾਲ ਭਾਵੇਂ ਆਰਥਿਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ ਕਿਉਂਕਿ ਇਸ ਦੀ ਸ਼ੁਰੂਆਤ ਸਮੇਂ ਇਸ ਖੇਤੀ ਲਈ ਰੂੜੀ ਆਦਿ ਵੱਖਰੀ ਤਿਆਰ ਕਰਨੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ੩ ਸਾਲ ਦੇ ਵਿੱਚ-ੱਿਵਚ ਧਰਤੀ ਹੇਠ ਹੋਏ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਹੈ ਤੇ ਫਿਰ ਕੁਦਰਤੀ ਖੇਤੀ ਵਿੱਚ ਦਿਨ-ਬ-ਦਿਨ ਸੁਧਾਰ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਬੇਸ਼ਕ ਇਸ ਖੇਤੀ ਨਾਲ ਵਪਾਰਕ ਖੇਤੀ ਨਾਲੋਂ ਫਸਲ ਦਾ ਝਾੜ ਘੱਟ ਹੁੰਦਾ ਹੈ, ਪਰ ਇਸ ਕੁਦਰਤੀ ਖੇਤੀ ਰਾਹੀਂ ਤਿਆਰ ਕੀਤੀ ਗਈ ਫਸਲ ਦਾ ਮੁੱਲ ਵਪਾਰਕ ਖੇਤੀ ਦੇ ਮੁਕਾਬਲੇ ਦੁੱਗਣਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਪੌਣ-ਪਾਣੀ ਗੰਦਲਾ ਹੋਣੋਂ ਬਚਦਾ ਹੈ ਮਨੁੱਖੀ ਜੀਵਨ ਨੂੰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਖੇਤੀ ਸਬੰਧੀ ਕੀਤੇ ਜਾ ਰਹੇ ਵੱਡੇ ਉਪਰਾਲੇ ਲਈ ਪੰਜਾਬ ਸਰਕਾਰ ਹਰੇਕ ਕਿਸਮ ਦੀ ਸਹਿਯੋਗ ਸ਼੍ਰੋਮਣੀ ਕਮੇਟੀ ਨਾਲ ਕਰੇਗੀ।ਇਸ ਤੋਂ ਪਹਿਲਾਂ ਮੈਡਮ ਮਧੂ ਗਿੱਲ, ਡਾ. ਬਲਵਿੰਦਰ ਸਿੰਘ ਛੀਨਾ, ਸ. ਹਰਦਿਆਲ ਸਿੰਘ, ਡਾ. ਮਨੋਜ ਕੁਮਾਰ ਤੇ ਡਾ. ਬਲਵਿੰਦਰ ਸਿੰਘ ਸੋਹਲ ਨੇ ਵੀ ਕੁਦਰਤੀ ਖੇਤੀ ਸਬੰਧੀ ਆਪਣੇ ਕੀਮਤੀ ਵੀਚਾਰਾਂ ਰਾਹੀਂ ਅਰਥ ਭਰਪੂਰ ਜਾਣਕਾਰੀ ਦਿੱਤੀ।ਇਸ ਮੌਕੇ ਸ. ਕੇਵਲ ਸਿੰਘ ਵਧੀਕ ਸਕੱਤਰ ਜਾਇਦਾਦ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਵੀਚਾਰ ਪ੍ਰਗਟ ਕੀਤੇ।ਮੰਚ ਦੀ ਸੇਵਾ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਨੇ ਨਿਭਾਈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਖੇਤੀ ਸਬੰਧੀ ਜਾਣਕਾਰੀ ਦੇਣ ਹਿੱਤ ਸ. ਕਾਹਨ ਸਿੰਘ ਪੰਨੂੰ ਐਮ ਡੀ ਪੰਜਾਬ ਐਗਰੋ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਆਏ ਖੇਤੀ ਮਾਹਰਾਂ ਦਾ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਸਾਹਿਬ ਨੇ ਵੀ ਸ਼ਾਮਲ ਹੋਣਾ ਸੀ, ਪ੍ਰੰਤੂ ਜ਼ਰੂਰੀ ਰੁਝੇਵਾ ਪੈ ਜਾਣ ਕਰਕੇ ਉਹ ਆ ਨਹੀਂ ਸਕੇ।ਸ਼੍ਰੋਮਣੀ ਕਮੇਟੀ ਵੱਲੋਂ ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਨੇ ਸ. ਕਾਹਨ ਸਿੰਘ ਪੰਨੂ ਐੱਮ ਡੀ ਪੰਜਾਬ ਐਗਰੋ ਤੇ ਉਨ੍ਹਾਂ ਦੀ ਅਗਵਾਈ ਵਿੱਚ ਆਏ ਖੇਤੀ ਮਾਹਰਾਂ ਦੀ ਟੀਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ.ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰ ਮੌਜੂਦ ਸਨ।