੬੦੦ ਗੁਰਸਿੱਖ ਪ੍ਰਤੀਯੋਗੀਆਂ ਨੇ ਹਿੱਸਾ ਲਿਆ
ਅੱਵਲ ਆਉਣ ਵਾਲੇ ਨੌਜੁਆਨਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਇਨਾਮੀ ਰਾਸ਼ੀ-ਪ੍ਰੋ. ਬਡੂੰਗਰ

ਅੰਮ੍ਰਿਤਸਰ, 10 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਵੱਲ੍ਹਾ ਵਿਖੇ ‘ਗਾਵਹੁ ਸਚੀ ਬਾਣੀ ਭਾਗ ਦੂਜਾ’ ਦੇ ਮੁੱਢਲੇ ਔਡੀਸ਼ਨ ਦਾ ਪਹਿਲਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ੧੬ ਤੋਂ ੨੪ ਸਾਲ ਦੇ ੬੦੦ ਸਿੱਖ ਨੌਜੁਆਨ ਪ੍ਰਤੀਯੋਗੀਆਂ ਨੇ ਭਾਗ ਲਿਆ। ਹਰੇਕ ਪ੍ਰਤੀਯੋਗੀ ਨੇ ਰਾਗ ਅਧਾਰਿਤ ਸ਼ਬਦ ਗਾਇਨ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਦੇਰ ਸ਼ਾਮ ਤੱਕ ਚੱਲੇ ਮੁੱਢਲੇ ਔਡੀਸ਼ਨ ਦੀ ਆਰੰਭਤਾ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਕੀਤੀ ਗਈ। ਇਸ ਦੌਰਾਨ ਪ੍ਰਤੀਯੋਗੀਆਂ ਦੀ ਕਾਰਜ-ਕੁਸ਼ਲਤਾ ਪਰਖਣ ਲਈ ਪ੍ਰਸਿੱਧ ਰਾਗੀ ਭਾਈ ਹਰਜੋਤ ਸਿੰਘ ਜ਼ਖ਼ਮੀ, ਪ੍ਰੋ. ਰਵੇਲ ਸਿੰਘ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਨਿਰਣਾਇਕ ਵਜੋਂ ਭੂਮਿਕਾ ਨਿਭਾਈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਦੌਰਾਨ ਕਰਵਾਏ ਗਏ ‘ਗਾਵਹੁ ਸਚੀ ਬਾਣੀ ਭਾਗ ਪਹਿਲਾ’ ਨੂੰ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਸੀ। ਸੰਗਤਾਂ ਦੀ ਮੰਗ ਅਨੁਸਾਰ ਇਸ ਪ੍ਰੋਗਰਾਮ ਦੇ ਦੂਸਰੇ ਭਾਗ ਦੀ ਆਰੰਭਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿਥੇ ਨੌਜੁਆਨ ਪੀੜ੍ਹੀ ਜਿਥੇ ਆਪਣੀ ਗੁਰਮਤਿ ਸੰਗੀਤ ਦੀ ਪ੍ਰਤਿਭਾ ਨੂੰ ਪੇਸ਼ ਕਰੇਗੀ, ਉਥੇ ਹੀ ਇਸ ਨਾਲ ਸਿੱਖ ਵਿਰਸੇ ਅਤੇ ਗੁਰਮਤਿ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਵੀ ਹੋਵੇਗਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਮੁੱਢਲੇ ਔਡੀਸ਼ਨ ਤਹਿਤ ਚਾਰ ਵੱਖ-ਵੱਖ ਥਾਵਾਂ ‘ਤੇ ਨੌਜੁਆਨ ਸਿੱਖ ਕੀਰਤਨ-ਕਾਰਾਂ ਨੂੰ ਵਿੱਚੋਂ ਵਿਸ਼ੇਸ਼ ਬੱਚਿਆਂ ਦੀ ਚੋਣ ਕਰਕੇ ਅੱਗੇ ਲਿਜਾਇਆ ਜਾਵੇਗਾ ਅਤੇ ਅਖੀਰ ਵਿਚ ਤਿੰਨ ਅੱਵਲ ਆਏ ਬੱਚਿਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਪੰਜ ਲੱਖ ਰੁਪਏ, ਦੂਸਰੇ ਨੂੰ ਤਿੰਨ ਲੱਖ ਰੁਪਏ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਨੌਜੁਆਨ ਕੀਰਤਨਕਾਰ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੋ ਵਿਸ਼ੇਸ਼ ਪ੍ਰਤੀਯੋਗੀਆਂ ਨੂੰ ਪੰਜਾਹ-ਪੰਜਾਹ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੇ ਔਡੀਸ਼ਨ ਦਾ ਦੂਸਰਾ ਸਮਾਗਮ ੧੨ ਨਵੰਬਰ ਨੂੰ ਗੁਰੂ ਨਾਨਕ ਦੇਵ ਇੰਜੀ: ਕਾਲਜ ਲੁਧਿਆਣਾ, ਤੀਸਰਾ ਸਮਾਗਮ ੧੪ ਨਵੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਚੌਥਾ ਸਮਾਗਮ ੧੭ ਨਵੰਬਰ ਨੂੰ ਮਾਤਾ ਸੁੰਦਰੀ ਕਾਲਜ ਫ਼ਾਰ ਵੁਮੈਨ ਨਵੀਂ ਦਿੱਲੀ ਵਿਖੇ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਭਗਵੰਤ ਸਿੰਘ ਸਿਆਲਕਾ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਸ. ਅਮਰਜੀਤ ਸਿੰਘ ਬੰਡਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਬਿਕਰਮਜੀਤ ਸਿੰਘ ਕੋਟਲਾ ਤੇ ਸ. ਸੁਖਵਰਸ਼ ਸਿੰਘ ਪੰਨੂੰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਤੇ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਡਾ. ਏ. ਪੀ. ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਗੀਤਾ ਸ਼ਰਮਾ, ਡਾ. ਬਲਜੀਤ ਸਿੰਘ ਆਦਿ ਹਾਜ਼ਰ ਸਨ।