ਸ੍ਰੀ ਅੰਮ੍ਰਿਤਸਰ, ੧੬ ਫ਼ਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਮਾਤਾ ਭਾਨੀ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਕੀਤੀ।
ਇਸ ਮੌਕੇ ਭਾਈ ਹਰਮਿੱਤਰ ਸਿੰਘ ਕਥਾਵਾਚਕ ਨੇ ਸੰਗਤਾਂ ਨੂੰ ਮਾਤਾ ਭਾਨੀ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਮਾਤਾ ਜੀ ਦਾ ਜੀਵਨ ਬਹੁਤ ਹੀ ਨਿਮਰਤਾ ਅਤੇ ਸਾਦਗੀ ਵਾਲਾ ਸੀ। ਉਨ੍ਹਾਂ ਛੋਟੀ ਉਮਰੇ ਹੀ ਗੁਰੂ-ਪਿਤਾ ਪਾਸੋਂ ਸਿੱਖੀ ਦੇ ਉੱਤਮ ਗੁਣ ਗ੍ਰਹਿਣ ਕਰ ਲਏ ਸਨ। ਉਨ੍ਹਾਂ ਦਾ ਸਾਰਾ ਜੀਵਨ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਣਾਇਆ ਹੋਇਆ ਸੀ ਅਤੇ ਇਨ੍ਹਾਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਆਪ ਜੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਰਵ੍ਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਇਸਤਰੀਆਂ ਨੂੰ ਸਤਿਕਾਰਤ ਦਰਜਾ ਹਾਸਲ ਹੈ ਕਿਉਂਕਿ ਉਨ੍ਹਾਂ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਵਿਚ ਮਹੱੱਤਵਪੂਰਨ ਯੋਗਦਾਨ ਪਾਇਆ ਜਾਂਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਨਾਲ-ਨਾਲ ਸਿੱਖ ਪੰਥ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਦੇ ਦਿਹਾੜੇ ਵੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੌਮ ਦੀ ਮਹਾਨ ਸ਼ਖਸੀਅਤਾਂ ਵਿਚ ਸ਼ਾਮਲ ਮਾਤਾ ਭਾਨੀ ਜੀ ਦਾ ਜੀਵਨ ਸੰਜਮ, ਸਹਿਜ, ਨਿਮਰਤਾ ਤੇ ਸੇਵਾ ਭਾਵਨਾ ਦੀ ਲਾਮਿਸਾਲ ਉਦਾਹਰਣ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਮਾਤਾ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਵੀ ਦਿੱਤੀ।
ਗੁਰਮਤਿ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਦੀਨਪੁਰ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ, ਐਡੀਸ਼ਨਲ ਮੈਨੇਜਰ ਸ. ਸੁਖਰਾਜ ਸਿੰਘ ਢਿੱਲੋਂ ਤੇ ਸ. ਲਖਵਿੰਦਰ ਸਿੰਘ ਰੰਧਾਵਾ, ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਚੀਫ ਅਕਾਊਂਟੈਂਟ ਸ. ਇੰਦਰਪਾਲ ਸਿੰਘ, ਇੰਚਾਰਜ ਸ. ਮਨਜੀਤ ਸਿੰਘ, ਅਕਾਊਂਟੈਂਟ ਸ. ਜਤਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।