ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਲੰਗਰ ਸੇਵਾ ਲਗਾਤਾਰ ਜਾਰੀ- ਭਾਈ ਲੌਂਗੋਵਾਲ

ਅੰਮ੍ਰਿਤਸਰ, 5 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਕਾਰਨ ਸਥਾਨਕ ਗੁਰੂ ਨਾਨਕ ਹਸਪਤਾਲ ਵਿਖੇ ਡਿਊਟੀ ਨਿਭਾਉਣ ਵਾਲੇ ਸਟਾਫ ਦੇ ਠਹਿਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਮਾਤਾ ਭਾਗ ਕੌਰ ਨਿਵਾਸ ਦੀ ਪੇਸ਼ਕਸ਼ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਜੇਕਰ ਦੂਰੋਂ ਆਉਣ ਵਾਲੇ ਸਿਹਤ ਸਟਾਫ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਰਾਂ ਵਿਚ ਰਹਿ ਸਕਦੇ ਹਨ। ਉਨ੍ਹਾਂ ਕਿਹਾ ਜਿਹੜਾ ਸਟਾਫ ਸ਼੍ਰੋਮਣੀ ਕਮੇਟੀ ਦੀ ਸਰਾਂ ਵਿਚ ਰਹੇਗਾ, ਉਸ ਲਈ ਲੰਗਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਸ ਸੰਕਟਮਈ ਸਮੇਂ ’ਚ ਸਿੱਖ ਸੰਸਥਾ ਹਰ ਤਰ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਹੈ। ਲੋੜ ਅਨੁਸਾਰ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਬਿਲਕੁਲ ਤਿਆਰ ਹੈ। ਉਨ੍ਹਾਂ ਆਖਿਆ ਕਿ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਸਟਾਫ ਨੂੰ ਰਹਿਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਖੁੱਲ੍ਹਾ ਸੱਦਾ ਹੈ। ਜੇਕਰ ਉਹ ਰਹਿਣਾ ਚਾਹੁਣ ਤਾਂ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਂ ਆਪਸੀ ਸਹਿਯੋਗ ਨਾਲ ਚੱਲਣ ਦਾ ਹੈ ਅਤੇ ਸਿਹਤ ਸਟਾਫ ਦੀ ਸੇਵਾ ਬਹੁਤ ਵੱਡੀ ਹੈ। ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਇਸ ਲਈ ਸ਼੍ਰੋਮਣੀ ਕਮੇਟੀ ਰਹਾਇਸ਼ ਦੀ ਪੇਸ਼ਕਸ਼ ਕਰਦੀ ਹੈ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਸੇਵਾ ਲਗਾਤਾਰ ਜਾਰੀ ਰੱਖੀ ਗਈ ਹੈ। ਪੰਜਾਬ ਤੋਂ ਇਲਾਵਾ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਦੇ ਤਿੰਨ ਜੋਨ ਮਾਝਾ, ਮਾਲਵਾ ਤੇ ਦੁਆਬਾ ਅੰਦਰ ਕਾਰਜ ਚੱਲ ਰਿਹਾ ਹੈ। ਇਸੇ ਤਰ੍ਹਾਂ ਕੁਝ ਗੁਰਦੁਆਰੇ ਹਰਿਆਣਾ ਅੰਦਰ ਪੈਂਦੇ ਜਨ, ਜਿਹੜੇ ਸੂਬੇ ਅੰਦਰ ਲੋੜਵੰਦਾਂ ਤੱਕ ਲੰਗਰ ਪਹੁੰਚਾ ਰਹੇ ਹਨ। ਗੁਰਦੁਆਰਾ ਨਾਢਾ ਸਾਹਿਬ ਤੋਂ ਨਾਲ ਲੱਗਦੇ ਚੰਡੀਗੜ੍ਹ ਤੇ ਹਿਮਾਚਲ ਦੇ ਕੁਝ ਇਲਾਕਿਆਂ ਵਿਚ ਸੇਵਾ ਦਿੱਤੀ ਜਾ ਰਹੀ ਹੈ। ਰੋਜ਼ਾਨਾਂ ਤਿੰਨ ਲੱਖ ਤੋਂ ਵੱਧ ਲੋਕ ਗੁਰੂ ਘਰਾਂ ਤੋਂ ਲੰਗਰ ਛਕ ਰਹੇ ਹਨ। ਯਤਨ ਹੈ ਕਿ ਬਹੁਤ ਲੋੜਵੰਦ ਲੋਕਾਂ ਤੱਕ ਇਸ ਲੰਗਰ ਸੇਵਾ ਪਹੁੰਚਦੀ ਰਹੇ। ਭਾਈ ਲੌਂਗੋਵਾਲ ਨੇ ਦੱਸਿਆ ਕਿ ਬੇਸ਼ੱਕ ਹਾਲਾਤਾਂ ਕਾਰਨ ਲੰਗਰ ਵਰਤਾਉਣ ਆਸਾਨ ਨਹੀਂ ਹੈ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨਿਰੰਤਰ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਸਾਵਧਾਨੀਆਂ ਨਾਲ ਸੇਵਾ ਜਾਰੀ ਰੱਖਣ ਦੀ ਪ੍ਰੇਰਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਗੁਰਦੁਆਰਾ ਸਾਹਿਬ ਦੋ ਤੋਂ ਤਿੰਨ ਹਜ਼ਾਰ ਲੋਕਾਂ ਨੂੰ ਲੰਗਰ ਛਕਾ ਰਿਹਾ ਹੈ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਨਾਢਾ ਸਾਹਿਬ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਆਦਿ ਤੋਂ ਕਈ ਗੁਣਾ ਜ਼ਿਆਦਾ ਲੰਗਰ ਭੇਜਿਆ ਜਾ ਰਿਹਾ ਹੈ।

ਮਰੀਜ਼ਾਂ ਦੀ ਸਹੀ ਦੇਖਭਾਲ ਯਕੀਨੀ ਬਣਾਏ ਪੰਜਾਬ ਸਰਕਾਰ- ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਪੀੜਤਾਂ ਦੀ ਦੇਖਭਾਲ ਸੰਜੀਦਗੀ ਨਾਲ ਕਰਨ ਲਈ ਕਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਇਲਾਜ਼ ਵਿਚ ਕੀਤੀ ਜਾ ਰਹੀ ਲਾਪ੍ਰਵਾਹੀ ਤੋਂ ਜਾਣੂ ਕਰਵਾਇਆ ਹੈ। ਪਹਿਲਾਂ ਜਿਸ ਤਰ੍ਹਾਂ ਸਾਹਮਣੇ ਆਈ ਇੱਕ ਆਡੀਓ ਵਿਚ ਭਾਈ ਨਿਰਮਲ ਸਿੰਘ ਖਾਲਸਾ ਕਹਿ ਰਹੇ ਹਨ ਕਿ ਉਨ੍ਹਾਂ ਦਾ ਇਲਾਜ਼ ਠੀਕ ਨਹੀਂ ਹੋ ਰਿਹਾ ਅਤੇ ਹੁਣ ਉਨ੍ਹਾਂ ਦੇ ਸਾਥੀ ਅਨੁਸਾਰ ਨੇ ਵੀ ਇਸ ਬਾਰੇ ਸਥਿਤੀ ਬਿਆਨ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਦਾ ਇਲਾਜ਼ ਚੰਗੇ ਢੰਗ ਨਾਲ ਕੀਤਾ ਜਾਵੇ। ਲੋੜੀਂਦੇ ਪ੍ਰਬੰਧਾਂ ਨੂੰ ਦਰੁੱਸਤ ਕੀਤਾ ਜਾਵੇ ਤਾਂ ਜੋ ਇਸ ਬੀਮਾਰੀ ਨਾਲ ਨਜਿੱਠਿਆ ਜਾ ਸਕੇ। ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਸਰਕਾਰ ਦੀ ਸਹਿਯੋਗੀ ਹੈ।