ਅੰਮ੍ਰਿਤਸਰ, 17 ਜੁਲਾਈ- ਸ਼ਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਸ. ਗੁਰਜੀਤ ਸਿੰਘ ਅੱਜ ਸ਼੍ਰੋਮਣੀ ਕਮੇਟੀ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ, ਜੁਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜਲ੍ਹਾ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨਾਲ ਮੁਲਾਕਾਤ ਕੀਤੀ ਅਤੇ ਉਥੋਂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਸ. ਗੁਰਜੀਤ ਸਿੰਘ ਨੇ ਦੱਸਿਆਂ ਕਿ ਸਿੱਖਾਂ ਨੂੰ ਇਥੇ ਵੱਸੋਂ ਲਈ ਜਮੀਨ ਸਥਾਨਕ ਰਾਜੇ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਥੇ ਵਸਦੇ ਸਿੱਖਾਂ ਨੇ ਇਥੋਂ ਦੇ ਰਾਜੇ ਲਾਧੋ ਮਾਨਕ ਸੀਅਮ ਨੂੰ ਜਮੀਨ ਦੇ ਪਟੇ ਵਸਦੇ ਸਿੱਖਾਂ ਦੇ ਨਾਮ ਕਰਨ ਲਈ ਦਰਖਾਸਤਾਂ ਕੀਤੀਆਂ ਹਨ। ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਸਕੂਲ ਦੇ ਨਾਮ ਪਟੇ ੨੦੦੯ ਵਿਚ ਜਾਰੀ ਕਰ ਦਿੱਤੇ ਗਏ ਪਰ ਸਿੱਖਾਂ ਦੀਆਂ ਬਾਕੀ ਦਰਖਾਸਤਾਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਸਿੱਖਾਂ ਨੇ ਇਸ ਸਬੰਧੀ ਮੌਜੂਦਾ ਰਾਜੇ ਨਿੱਕੀ ਨੈਲਸਨ ਸੀਅਮ ਨੂੰ ਵੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਹਾਈ ਕੋਰਟ ਨੇ ੧੯੯੪ ਅਤੇ ੧੯੯੬ ਵਿਚ ਸਥਾਨਕ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਇਥੇ ਵਸਦੇ ਲੋਕਾਂ ਨੂੰ ਹਟਾਇਆ ਨਹੀਂ ਜਾ ਸਕਦਾ। ਹੁਣ ਸਰਕਾਰ ਇਕ ਹਾਈ ਲੈਵਲ ਕਮੇਟੀ ਬਣਾ ਕੇ ਸਿੱਖਾਂ ਨੂੰ ਇਥੋਂ ਹਟਾਉਣ ਦੇ ਇਰਾਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪਾਸੋਂ ਪਹਿਲਾਂ ਦੀ ਤਰ੍ਹਾਂ ਅੱਗੇ ਹੋ ਕੇ ਸਿੱਖ ਭਰਾਵਾਂ ਦੀ ਬਾਂਹ ਫੜ੍ਹਨ ਅਤੇ ਹਰ ਤਰ੍ਹਾਂ ਦੀ ਮਦਦ ਦੀ ਅਪੀਲ ਕੀਤੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ਿਲਾਂਗ ਵਸਦੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜ਼ਲਦੀ ਹੀ ਇਕ ਹੋਰ ਵਫਦ ਸ਼ਿਲਾਂਗ ਵਿਖੇ ਭੇਜਿਆ ਜਾਵੇਗਾ ਜੋ ਉਥੇ ਦੀ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲ ਕਰੇਗਾ। ਸ. ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਲਾਂਗ ਸਥਿਤ ਗੁਰਦੁਆਰਾ ਸਾਹਿਬ ਲਈ ਪਹਿਲਾਂ ਵੀ ੨੫ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਲੋੜ ਅਨੁਸਾਰ ਹੋਰ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਥੇ ਵਸਦੇ ਸਿੱਖਾਂ ਨੂੰ ਹਰ ਕਨੂੰਨੀ ਮਦਦ ਵੀ ਮੁਹੱਈਆ ਕਰਵਾਵੇਗੀ। ਸ. ਬੇਦੀ ਨੇ ਦੱਸਿਆ ਕਿ ਸ਼ਿਲਾਂਗ ਦੇ ਸਿੱਖਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਇਮਾਰਤ ‘ਤੇ ਦੋ ਕਰੋੜ ਤੋਂ ਵੱਧ ਮਾਇਆ ਲੱਗ ਚੁੱਕੀ ਹੈ। ਉਪਰਲੀ ਮੰਜ਼ਲ ਦੇ ਗੁੰਬਦ, ਗੁੰਬਦੀਆਂ ਤੇ ਹੋਰ ਕੰਮ ਹੋਣ ਵਾਲਾ ਹੈ, ਜਿਸ ਦਾ ਮਾਮਲਾ ਅੰਤ੍ਰਿੰਗ ਕਮੇਟੀ ਵਿਚ ਵਿਚਾਰਿਆ ਜਾਵੇਗਾ।
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਿੱਖ ਪਿਛਲੇ ੨੦੦ ਸਾਲ ਤੋਂ ਵੀ ਵੱਧ ਸਮੇਂ ਤੋਂ ਵੱਸੇ ਹੋਏ ਹਨ। ਸਿੱਖਾਂ ਨੇ ਆਪਣੀ ਮੇਹਨਤ ਨਾਲ ਇਥੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਹੋਏ ਹਨ। ਪਿਛਲੇ ਸਮੇਂ ਦੌਰਾਨ ਸ਼ਿਲਾਂਗ ਦੇ ਬੜਾ ਬਜਾਰ ਸਥਿਤ ਸਿੱਖ ਵੱਸੋਂ ਵਾਲੀ ਕਲੋਨੀ ‘ਤੇ ਹਮਲਾਵਰਾਂ ਵਲੋਂ ਹਮਲਾ ਕੀਤਾ ਗਿਆ ਸੀ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲ੍ਹਾ, ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਸ. ਕੁਲਵੰਤ ਸਿੰਘ ਮੰਨਣ ਅਤੇ ਵਧੀਕ ਸਕੱਤਰ ਸ. ਬਿਜੈ ਸਿੰਘ ਨੂੰ ਇਕ ਵਫਦ ਦੇ ਰੂਪ ਵਿਚ ਤੁਰੰਤ ਭੇਜਿਆ ਗਿਆ ਸੀ। ਇਸ ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ, ਗ੍ਰਹਿ ਮੰਤਰੀ ਜੇਮਸ ਸੰਗਮਾ ਨੂੰ ਉਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਅਤੇ ਇਸ ਮਸਲੇ ਨੂੰ ਜਲਦੀ ਹਲ ਕਰਨ ਲਈ ਕਿਹਾ ਸੀ।