ਅੰਮ੍ਰਿਤਸਰ, 21 ਜੁਲਾਈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ.ਐਸ.ਟੀ. ਨੰਬਰ ਲੈਣ ਸਬੰਧੀ ਅੱਜ ਜੋ ਅਖਬਾਰਾਂ ਵਿਚ ਖਬਰ ਛਪੀ ਹੈ ਉਹ ਬਿਲਕੁਲ ਗਲਤ ਅਤੇ ਬੇ-ਬੁਨਿਆਦ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜੀ.ਐਸ.ਟੀ. ਦਾ ਨੰਬਰ ਲੈਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁੱਖ ਸਕੱਤਰ ਸ. ਹਰਚਰਨ ਸਿੰਘ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਜੀ.ਐਸ.ਟੀ. ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਇਸ ਟੈਕਸ ਤੋਂ ਛੋਟ ਲਈ ਕੇਂਦਰ ਸਰਕਾਰ ਤੇ ਰਾਜ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ। ਪਰੰਤੂ ਕੁਝ ਅਖਬਾਰਾਂ ਵੱਲੋਂ ਬਿਨ੍ਹਾਂ ਵਜ੍ਹਾ ਮੁੱਖ ਸਕੱਤਰ ਦੇ ਨਾਮ ਦਾ ਹਵਾਲਾ ਦੇ ਕੇ ਖਬਰਾਂ ਛਾਪੀਆਂ ਜੋ ਉਚਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਨੰਬਰ ਲੈਣ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।