ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਸਬ-ਕਮੇਟੀਆਂ ਦੇ ਮੁਖੀਆਂ ਦੀ ਇਕੱਤਰਤਾ ਹੋਈ

4-01-2016ਅੰਮ੍ਰਿਤਸਰ 4 ਜਨਵਰੀ (            )  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ ਭਵਿੱਖ ਦੀ ਚਿੰਤਾ ਕਰਦਿਆਂ ਗਲੋਬਲ ਪੱਧਰ ਤੇ ਚਰਚਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 5, 6 ਤੇ 7 ਫਰਵਰੀ 2016 ਨੂੰ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦਾ ਆਯੋਜਨ ਕਰਨ ਸਬੰਧੀ ਇਕੱਤਰਤਾ ਕੀਤੀ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ 15 ਕਰੋੜ ਲੋਕਾਂ ਦੀ ਮਾਂ ਬੋਲੀ ਹੈ, ਜੋ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਆਦਿ ਲਿੱਪੀਆਂ ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਖੀ ਤੇ ਬੋਲੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਰਾਜਸੀ ਦਰਜੇ ਦੀ ਭਾਸ਼ਾ ਹੈ।1909 ਈਸਵੀ ਵਾਲੇ ਪੰਜਾਬ ਦਾ ਆਕਾਰ 3,50.00 ਵਰਗ ਕਿਲੋਮੀਟਰ ਤੋਂ ਘੱਟ ਕੇ 1966 ਈਸਵੀ ਵਿੱਚ 52000 ਵਰਗ ਕਿਲੋਮੀਟਰ ਰਹਿ ਗਿਆ ਹੈ, ਜਿਸ ਕਾਰਨ ਮਾਂ ਬੋਲੀ ਪੰਜਾਬੀ ਦਾ ਦਾਇਰਾ ਵੀ ਸੁੰਗੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਨੂੰ ਵੱਡੀਆਂ ਚੁਣੌਤੀਆਂ ਪੇਸ਼ ਆ ਰਹੀਆਂ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਗੱਲ ਦੀ ਧਾਰਨੀ ਹੈ ਕਿ ਇਨ੍ਹਾਂ ਚੁਣੌਤੀਆਂ ਤੇ ਦੀਰਘ ਵਿਚਾਰਾਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਵਿਸ਼ਵੀਕਰਨ ਦੇ ਦੌਰ ‘ਚ ਪੰਜਾਬੀ ਦੇ ਸਥਾਨ ਤੇ ਚਰਚਾ ਦੇ ਨਾਲ-ਨਾਲ ਪੰਜਾਬੀ ਗਲੋਬਲੀ ਪ੍ਰਸਾਰ ਦੇ ਦਰਪੇਸ਼ ਚੁਣੌਤੀਆਂ ਨੂੰ ਵੀ ਪ੍ਰਚਾਰ ਚਰਚਾ ਦਾ ਕੇਂਦਰ ਬਿੰਦੂ ਬਣਾਇਆ ਜਾਵੇਗਾ। ਪੰਜਾਬੀ ਭਾਸ਼ਾ ਦੇ ਉੱਜਵਲ ਭਵਿੱਖ ਲਈ ਸਿਰਜੋੜ ਚਰਚਾ ਕੀਤੀ ਜਾਵੇਗੀ।
ਇਸੇ ਸਬੰਧ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ. ਗੁਰਮੋਹਨ ਸਿੰਘ ਵਾਲੀਆ, ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਸੰਮੇਲਨ ਸਬੰਧੀ ਇਕੱਤਰਤਾ ਕੀਤੀ ਗਈ।ਇਸ ਵਿੱਚ ਸ. ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਮੀਤ ਸਕੱਤਰ,  ਡਾ. ਅਨੁਰਾਗ ਸਿੰਘ, ਡਾ. ਜਗਬੀਰ ਸਿੰਘ ਤੇ ਡਾ. ਪ੍ਰਿਤਪਾਲ ਸਿੰਘ ਸ਼ਾਮਿਲ ਸਨ।
ਇਕੱਤਰਤਾ ਦੇ ਮਨੋਰਥ ਬਾਰੇ ਸ. ਬੇਦੀ ਨੇ ਦੱਸਿਆ ਕਿ ਇਹ ਸੰਮੇਲਨ ਪਹਿਲਾਂ ੨੩-੨੪ ਅਕਤੂਬਰ 2015 ਵਿੱਚ ਹੋਣਾ ਤਹਿ ਹੋਇਆ ਸੀ, ਪਰ ਅਣਸੁਖਾਵੇਂ ਹਾਲਾਤਾਂ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਹੁਣ ਇਹ ਤਿੰਨ ਰੋਜ਼ਾ ਸਮਾਗਮ 5,6 ਅਤੇ 7 ਫਰਵਰੀ 2016 ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਵਿਸ਼ੇਸ਼ ਰੂਪ ਵਿੱਚ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੋਂ ਇਲਾਵਾ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਵਾਨਾਂ ਦਾ ਸਹਿਯੋਗ ਹੋਵੇਗਾ।ਸ. ਬੇਦੀ ਨੇ ਦੱਸਿਆ ਕਿ ਡਾ. ਅਨੁਰਾਗ ਸਿੰਘ ਤੇ ਡਾ. ਪਰਮਜੀਤ ਸਿੰਘ ਸਰੋਆ ਇਸ ਸੰਮੇਲਨ ਦੇ ਸੂਤਰਧਾਰ ਹਨ, ਜੋ ਵਿਦਵਾਨਾਂ ਨਾਲ ਤਾਲਮੇਲ ਅਤੇ ਸੰਮੇਲਨ ਦੀ ਪੂਰੀ ਰੂਪ ਰੇਖਾ ਵਿਊਂਤ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਜੋ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਪੰਜਾਬੀ ਭਾਸ਼ਾ ਸਬੰਧੀ ਸਾਰਥਿਕ ਸਿੱਟੇ ਦੇਵੇਗਾ।ਜਿੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚੋਂ ਭਾਸ਼ਾ ਵਿਗਿਆਨੀ ਸ਼ਾਮਿਲ ਹੋਣਗੇ, ਓਥੇ ਵਿਦੇਸ਼ਾਂ ਭਾਵ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਲਾਵਾ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ, ਜਰਮਨ ਅਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਤੋਂ ਮਾਹਿਰ ਪੁੱਜਣਗੇ।ਉਨ੍ਹਾਂ ਕਿਹਾ ਕਿ ਮਾਂ ਬੋਲੀ ਮਨੁੱਖ ਦੇ ਜੀਵਨ ਦਾ ਮਹੱਤਵਪੂਰਨ ਅੰਗ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੇ ਪ੍ਰਬੰਧਕੀ ਨੁਕਤੇ ਨਿਗਾਹ ਤੋਂ ਵਿਚਾਰ-ਵਟਾਂਦਰਾ ਕੀਤਾ ਗਿਆ।
ਸ. ਬੇਦੀ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਦੇ ਇਸ ਸੰਮੇਲਨ ਦੀ ਸਫ਼ਲਤਾ ਲਈ ਬਣਾਈਆਂ ਗਈਆਂ ਕਮੇਟੀਆਂ ਦਾ ਮੁੜ ਰੀਵੀਊ ਕੀਤਾ ਹੈ।ਇਨ੍ਹਾਂ ਕਮੇਟੀਆਂ ਦੇ ਮੁਖੀਆਂ ਨੂੰ ਆਪਣੇ ਜੁੰਮੇ ਲੱਗੇ ਕਾਰਜਾਂ ਨੂੰ ਸ਼ੀਘਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸੰਮੇਲਨ ‘ਚ ਪੁੱਜਣ ਵਾਲੇ ਹਰ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ. ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਤੇ ਸ. ਲਖਵਿੰਦਰ ਸਿੰਘ ਬੱਦੋਵਾਲ ਇੰਚਾਰਜ ਆਦਿ ਹਾਜ਼ਰ ਸਨ।