ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਗੁਰਮਤਿ ਸਿਖਲਾਈ ਕੈਂਪਾਂ ਸਬੰਧੀ ਇਕਾਲੇ ਭਰ ਦੀਆਂ ਸੰਗਤਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ

ਅੰਮ੍ਰਿਤਸਰ 25 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਤਹਿਤ ਹਲਕਾ ਅਟਾਰੀ ਦੇ ਪੰਜ-ਪੰਜ ਪਿੰਡਾਂ ਦਾ ਜੋਨ ਬਣਾ ਕੇ ੧੫ ਦਿਨ ਬੱਚਿਆਂ ਨੂੰ ਗੁਰਮਤਿ ਸਿਖਲਾਈ ਕੈਂਪ ਦੌਰਾਨ ਸਖਲਾਈ ਦੇਣ ਲਈ ਸ਼ੁਰੂ ਕੀਤੇ ਕੈਂਪ ਦੀ ਸਮਾਪਤੀ ਸਰਹੱਦੀ ਪਿੰਡ ਕੱਲੇਵਾਲ ਵਿਖੇ ਕੀਤੀ ਗਈ। ਸਖਲਾਈ ਕੈਂਪ ਚ ਭਾਰੀ ਉਤਸਾਹ ਨਾਲ ਬੱਚਿਆਂ ਨੇ ਹਿੱਸਾ ਲਿਆ। ਕੈਂਪ ਵਿਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਸਰਹੱਦੀ ਪਿੰਡ ਕੱਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਕੈਂਪ ਵਿਚ ਪਿੰਡ ਹੁਸਿਆਰ ਨਗਰ, ਲੱਧੇਵਾਲ, ਜਠੋਲ ਹਵੇਲੀਆ ਲੱਧੇਵਾਲ ਦੇ ਬੱਚਿਆਂ ਵੱਲੋਂ ਵੱਡੀ ਗਿਣਤੀ ‘ਚ ਹਿੱਸਾ ਲਿਆ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਭਾਈ ਸੁਖਵੰਤ ਸਿੰਘ ਸਭਰਾ, ਭਾਈ ਲਵਲਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ਝਬਾਲ ਵੱਲੋਂ ਬੱਚਿਆਂ ਨੂੰ ਗੁਰਮਤਿ ਦੀ ਸਖਲਾਈ ਦਿੱਤੀ ਗਈ। ਇਸ ੧੫ ਦਿਨਾਂ ਗੁਰਮਤਿ ਸਿਖਲਾਈ ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਧਾਰਮਿਕ ਵਿਸ਼ਿਆ ‘ਤੇ ਮੁਕਾਬਲੇ ਕੈਂਪ ਦੀ ਸਮਾਪਤੀ ਦੌਰਾਨ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀ ਅਤੇ ਧਾਰਮਿਕ ਲੈਕਚਰ ਦਿੱਤੇ ਤੇ ਬੱਚਿਆਂ ਵੱਲੋ  ਸੋਹਣੀਆਂ ਦਸਤਾਰਾਂ ਸਜਾ ਕੇ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਅੱਵਲ ਆਏ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਟੀਫ਼ਿਕੇਟ, ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਮੈਂਬਰ ਸਰਜੀਤ ਸਿੰਘ ਭਿੱਟੇਵੱਡ, ਬਾਬਾ ਨਿਰਮਲ ਸਿੰਘ ਨੌਸ਼ਿਹਰਾਢਾਲਾ, ਜਥੇ: ਮਗਵਿੰਦਰ ਸਿੰਘ ਖਾਪੜਖੇੜੀ ਨੇ ਸਾਂਝੇ ਤੌਰ ‘ਤੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਰਣੀਕੇ ਨੇ ਸਰਹੱਦੀ ਪਿੰਡਾਂ ਵਿਚ ਗੁਰਮਤਿ ਕੈਂਪ ਲਗਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਰਹੱਦੀ ਪਿੰਡਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਲਗਾਏ ਗੁਰਮਤਿ ਸਿਖਲਾਈ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਗੁਰਮਤਿ ਸਿਖਲਾਈ ਕੈਂਪ ਵਿਚ ਪੁੱਜੀਆਂ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਪਿੰਡ ਕੱਲੇਵਾਲ ਸੰਗਤਾਂ ਨੇ ਕੀਤੀ ਤੇ ਤਿੰਨੇ ਪਿੰਡਾਂ ਵੱਲੋਂ ਧਾਰਮਿਕ ਕੈਂਪ ਦੌਰਾਨ ਅੱਵਲ ਆਏ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਮਨਮਾਨਿਤ ਕੀਤਾ। ਇਸ ਮੌਕੇ ਆਉਣ ਵਾਲੇ ਦਿਨਾਂ ਵਿਚ ਸਰਹੱਦੀ ਪਿੰਡਾਂ ਵਿਚ ਲਗਾਏ ਜਾਣ ਵਾਲੇ ਧਾਰਮਿਕ ਗੁਰਮਤਿ ਸਿਖਲਾਈ ਕੈਂਪਾਂ ਸਬੰਧੀ ਇਕਾਲੇ ਭਰ ਦੀਆਂ ਸੰਗਤਾਂ ਦੀ ਜ਼ਰੂਰੀ ਇਕੱਤਰਤਾ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ, ਹੁਸ਼ਿਆਰ ਨਗਰ ਵਿਖੇ ਕੀਤੀ ਗਈ, ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਗ੍ਰੰਥੀ ਸਿੰਘ, ਪ੍ਰਚਾਰਕ ਸਾਹਿਬਾਨ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਬਲਾਕ ਅਟਾਰੀ ਨੂੰ ੧੭ ਅਤੇ ਬਲਾਕ ਵੇਰਕਾ ਨੂੰ ੧੬ ਜੋਨਾਂ ਵਿਚ ਵੰਡ ਕੇ ਅਗਲੇ ਧਾਰਮਿਕ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਗਈ ਤੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ,  ਪੰਚਾਂ ਨੂੰ ਧਾਰਮਿਕ ਪ੍ਰੋਗਰਾਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ, ਬਾਬਾ ਨਿਰਮਲ ਸਿੰਘ ਨੌਸ਼ਿਹਰਾਢਾਲਾ, ਜਥੇ: ਮਗਵਿੰਦਰ ਸਿੰਘ ਖਾਪੜਖੇੜੀ, ਜਸਪਾਲ ਸਿੰਘ ਨੇਸ਼ਟਾ, ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾ, ਮੈਨੇਜਰ ਬਲਦੇਵ ਸਿੰਘ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।