24-09-2015ਅੰਮ੍ਰਿਤਸਰ ੨੪ ਸਤੰਬਰ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਸਕੂਲੀ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਗਿਆ।ਇਸੇ ਲਹਿਰ ਤਹਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿੱਚ ਹਲਕਾ ਅਟਾਰੀ ਦੇ ਸਰਹੱਦੀ ਪਿੰਡ ਵਿਖੇ ਸ੍ਰੀ ਹਰਿਕ੍ਰਿਸ਼ਨ ਸਕੂਲ ਅਟਾਰੀ ਦੀਆਂ ਅੱਵਲ ਆਈਆਂ ਵਿਦਿਆਰਥਣਾਂ ਪਵਨਜੋਤ ਕੌਰ, ਅਸ਼ਨੀਤ ਕੌਰ ਤੇ ਸੰਦੀਪ ਕੌਰ ਨੂੰ ਹੈਡ ਗ੍ਰੰਥੀ ਭਾਈ ਕ੍ਰਿਪਾਲ ਸਿੰਘ ਤੇ ਸ.ਰਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਗੁਰੂ ਸਰ ਸਤਲਾਣੀ ਸਾਹਿਬ ਨੇ ਨਗਦ ਰਾਸ਼ੀ ਅਤੇ ਸਨਮਾਨ ਪੱਤਰ ਦਿੱਤੇ।
ਇਸ ਮੌਕੇ ਭਾਈ ਸੁਖਵੰਤ ਸਿੰਘ ਸਭਰਾਂ ਤੇ ਭਾਈ ਲਵਲਪੀ੍ਰਤ ਸਿੰਘ ਪ੍ਰਚਾਰਕ ਵੱਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੰਮ੍ਰਿਤ ਛਕ ਗੁਰੂ ਵਾਲੇ ਬਨਣ ਲਈ ਪ੍ਰੇਰਿਆ ਗਿਆ।ਉਨ੍ਹਾਂ ਕਿਹਾ ਕਿ ਬੱਚੇ ਕਿਸੇ ਕੌਮ ਤੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਲੋੜ ਹੈ ਦੁਨਿਆਵੀ ਵਿਦਿਆ ਦੇ ਨਾਲ-ਨਾਲ ਇਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਤੋਂ ਜਾਣੂੰ ਕਰਾਉਣ ਦੀ।ਉਨ੍ਹਾਂ ਕਿਹਾ ਕਿ ਇਹ ਤਾਂ ਹੀ ਹੋ ਸਕਦਾ ਹੈ ਜੇ ਮਾਪੇ ਤੇ ਅਧਿਆਪਕ ਖੁਦ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਨਣ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਬੀਬੀ ਗੁਰਮਨਦੀਪ ਕੌਰ ਨੇ ਸਕੂਲ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਬੀਬੀ ਰਣਬੀਰ ਕੌਰ, ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ।