4-05-2015-5(1)ਅੰਮ੍ਰਿਤਸਰ : ੪ ਮਈ (        ) ਨੇਪਾਲ ਵਿੱਚ ਆਏ ਭਿਆਨਕ ਭੁਚਾਲ ਕਾਰਣ ਹਜ਼ਾਰਾਂ ਦੀ ਗਿਣਤੀ ਵਿੱਚ ਘਰੋਂ-ਬੇਘਰ ਹੋ ਚੁੱਕੇ ਲੋਕਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਰਾਹਤ ਸਮੱਗਰੀ ਰਵਾਨਾ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੇਪਾਲ ਦੇ ਭੁਚਾਲ ਪੀੜਤਾਂ ਲਈ ੧੦੦੦ ਨਗ ਦਰੀਆਂ, ੧੩੦੦ ਨਗ ਤਰਪਾਲਾਂ, ੨੦੦ ਨਗ ਕੰਬਲ, ੧੦੦ ਕੁਇੰਟਲ ਚਾਵਲ ਅਤੇ ੫੦ ਕੁਇੰਟਲ ਦਾਲਾਂ ਟਰੱਕਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਸਦਕਾ ਦੇਸ਼ ਵਿੱਚ ਆਈਆਂ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋਏ ਲੋਕਾਂ ਲਈ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਰਬੱਤ ਦਾ ਭਲਾ ਕਰਨ ਦੇ ਸਿਧਾਂਤ ਅਨੁਸਾਰ ਬਿਨਾ ਕਿਸੇ ਭੇਦ ਭਾਵ ਦੇ ਸਹਾਇਤਾ ਕਰਦੀ ਰਹਿੰਦੀ ਹੈ ਤੇ ਇਸ ਵਾਰ ਵੀ ਨੇਪਾਲ ਵਿੱਚ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਲਈ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ, ਪੰਚਕੂਲਾ, ਹਰਿਆਣਾ ਤੋਂ ਵੀ ੫੦੦ ਦਰੀਆਂ ਤੇ ੫੦੦ ਤਰਪਾਲਾਂ ਭੇਜੀਆਂ ਜਾ ਰਹੀਆਂ ਹਨ।

ਇਸ ਮੌਕੇ ਸ੍ਰ: ਮਨਜੀਤ ਸਿੰਘ ਤੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਸਕੱਤਰ, ਸ੍ਰ: ਮਹਿੰਦਰ ਸਿੰਘ ਆਹਲੀ, ਸ੍ਰ: ਬਿਜੈ ਸਿੰਘ ਤੇ ਸ੍ਰ: ਜਸਪਾਲ ਸਿੰਘ ਵਧੀਕ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’, ਸ੍ਰ: ਜਤਿੰਦਰ ਸਿੰਘ ਵਧੀਕ ਮੈਨੇਜਰ ਅਤੇ ਸ੍ਰ: ਭੂਪਿੰਦਰ ਸਿੰਘ ਇੰਚਾਰਜ ਰਸਦਾਂ ਹਾਜ਼ਰ ਸਨ।