ਭਾਈ ਗੁਰਦਾਸ ਹਾਲ ਵਿਖੇ ਇੱਕ ਮਹੀਨਾ ਚੱਲਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ –ਜੌੜਾਸਿੰਘਾ

ਅੰਮ੍ਰਿਤਸਰ, ੧੫ ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਸੰਥਿਆ ਦੇਣ ਲਈ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਕਰਵਾਇਆ ਜਾ ਰਿਹਾ ਪਾਠ ਬੋਧ ਸਮਾਗਮ ੧੭ ਅਪ੍ਰੈਲ ਨੂੰ ਆਰੰਭ ਹੋਵੇਗਾ। ਇਹ ਸਮਗਾਮ ਇੱਕ ਮਹੀਨਾ ਚੱਲੇਗਾ ਅਤੇ ਇਸ ਵਿਚ ਮੁਕੰਮਲ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਪ੍ਰਮਾਣ ਪੱਤਰ ਅਤੇ ੫੧੦੦ ਰੁਪਏ ਦਿੱਤੇ ਜਾਣਗੇ। ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਲਈ ਪਾਠ ਬੋਧ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੀ ਆਰੰਭਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਭਾਈ ਗੁਰਦਾਸ ਹਾਲ ਵਿਖੇ ੧੭ ਅਪ੍ਰੈਲ ਤੋਂ ੧੬ ਮਈ ਤੱਕ ਇੱਕ ਮਹੀਨਾ ਪਾਠਬੋਧ ਸਮਾਗਮ ਚੱਲੇਗਾ, ਜਿਸ ਦੀ ਅਰੰਭਤਾ ਸਮੇਂ ਕੌਮ ਦੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਸਮਗਾਮ ਵਿਚ ੧੦੦ ਗ੍ਰੰਥੀ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੀ ਮੁਕੰਮਲ ਸੰਥਿਆ ਦਿੱਤੀ ਜਾਵੇਗੀ। ਸ. ਜੌੜਾਸਿੰਘਾ ਨੇ ਦੱਸਿਆ ਕਿ ਮੁਕੰਮਲ ਸੰਥਿਆ ਪ੍ਰਾਪਤ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮਾਣ ਪੱਤਰ ਤੇ ਸਿਰੋਪਾਓ ਦੇ ਨਾਲ ੫੧-੫੧ ਸੌ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।