1 copyਅੰਮ੍ਰਿਤਸਰ 20 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਦੀਪ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਸੁਖਵਿੰਦਰ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਕਬੀਰ ਜੀ ਉਨ੍ਹਾਂ ਭਗਤਾਂ-ਮਹਾਂਪੁਰਸ਼ਾਂ ਵਿਚੋਂ ਇੱਕ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੧੫ ਭਗਤਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿਚੋਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਹੈ। ਉਨ੍ਹਾਂ ਭਗਤ ਕਬੀਰ ਜੀ ਦੀ ਵਿਚਾਰਧਾਰਾ ਨੂੰ ਲੋਕਾਈ ਦੇ ਜੀਵਨ ਲਈ ਕਲਿਆਣਕਾਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਰਮਕਾਂਡਾਂ ਦਾ ਖੰਡਨ ਕਰਦਿਆਂ ਨਿਰਮਲ ਪਵਿੱਤਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਮਨੁੱਖਤਾ ਨੂੰ ਪ੍ਰਭੂ-ਭਗਤੀ ਵਿਚ ਜੁੜਨ ਦਾ ਉਪਦੇਸ਼ ਦਿੱਤਾ ਅਤੇ ਨਿਰਮਲ ਕਰਮ ਕਰਨ ਦਾ ਰਾਹ ਦਿਖਾਇਆ। ਉਨ੍ਹਾਂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾ, ਸ. ਰਣਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ, ਸ. ਗੁਰਮੀਤ ਸਿੰਘ ਬੁੱਟਰ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸਕੱਤਰ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਦਰਸ਼ਨ ਸਿੰਘ ਮੀਤ ਮੈਨੇਜਰ, ਸ. ਜਸਵਿੰਦਰ ਸਿੰਘ ਦੀਪ, ਸ. ਸੁਖਬੀਰ ਸਿੰਘ, ਸ. ਗੁਰਦਿਆਲ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ ਇੰਚਾਰਜ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।