ਭਗਤ ਜੀ ਦੀ ਬਾਣੀ ਮਨੁੱਖ ਨੂੰ ਕਰਮ ਕਾਂਡਾਂ ਤੇ ਵਹਿਮਾਂ-ਭਰਮਾਂ ਤੋਂ ਬਚਣ ਦਾ ਸੰਦੇਸ਼ ਦੇਂਦੀ ਹੈ- ਗਿਆਨੀ ਮਾਨ ਸਿੰਘ

logoਅੰਮ੍ਰਿਤਸਰ 22 ਨਵੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਦਲਬੀਰ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।

ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਗਤ ਜੀ ਦਾ ਜਨਮ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਮਣੀ ਵਿਖੇ ਹੋਇਆ। ਭਗਤ ਨਾਮਦੇਵ ਜੀ ਉਨ੍ਹਾਂ ਪੰਦਰਾਂ ਭਗਤਾਂ ਵਿਚੋਂ ਇਕ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਜੀ ਦੇ ਰਚੇ ਕੁਲ ੬੧ ਸ਼ਬਦਾਂ ਨੂੰ ੧੮ ਰਾਗਾਂ ਵਿਚ ਦਰਜ ਕੀਤਾ ਹੈ। ਮਾਨਵਤਾ ਦੇ ਸੱਚੇ ਦਰਦੀ ਭਗਤ ਨਾਮਦੇਵ ਜੀ ਨੇ ਮਨੁੱਖ ਮਾਤਰ ਨੂੰ ਕੇਵਲ ਇਕ ਈਸ਼ਵਰ ਦੀ ਸਿਰਜਣਾ ਹੋਣ ਕਾਰਣ ਬਰਾਬਰਤਾ ਦਾ ਸੰਦੇਸ਼ ਦੇ ਕੇ ਸਮੁੱਚੇ ਭਾਰਤ ਵਰਸ਼ ਵਿੱਚ ਏਕਤਾ ਦੀ ਲਹਿਰ ਚਲਾਈ ਅਤੇ ਮਨੁੱਖਤਾ ਨੂੰ ਕਰਮਕਾਂਡਾਂ, ਵਹਿਮਾ-ਭਰਮਾਂ ਤੋਂ ਬਚਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਭੂਪਿੰਦਰ ਸਿੰਘ ਤੇ ਸ੍ਰ: ਸੁਖਰਾਜ ਸਿੰਘ ਐਡੀ: ਮੈਨੇਜਰ, ਸ੍ਰ: ਹਰਪ੍ਰੀਤ ਸਿੰਘ ਮੀਤ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ੍ਰ: ਪਰਉਪਕਾਰ ਸਿੰਘ ਅਕਾਊਂਟੈਂਟ, ਸ੍ਰ: ਕਾਰਜ ਸਿੰਘ ਤੇ ਸ੍ਰ: ਨਰਿੰਦਰ ਸਿੰਘ ਸੁਪਰਵਾਈਜ਼ਰ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।