1(1)ਅੰਮ੍ਰਿਤਸਰ : 11 ਮਈ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਹੁਕਮਨਾਮਾ ਭਾਈ ਸੁਬੇਗ ਸਿੰਘ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ। ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਦੀਵਾਨ ਸਮੇਂ ਭਾਈ ਨਿਰਮਲ ਸਿੰਘ ਜੇਠੂਵਾਲ, ਭਾਈ ਬਲਦੇਵ ਸਿੰਘ ਐਮ ਏ, ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਗੁਰਦੇਵ ਸਿੰਘ ਦਰਦੀ, ਭਾਈ ਹਰਦੇਵ ਸਿੰਘ ਹੀਰਾ,  ਤੇ ਭਾਈ ਸਰਬਜੀਤ ਸਿੰਘ ਵਡਾਲੀ ਦੇ ਢਾਡੀ ਜਥਿਆਂ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਜਾਣੂੰ ਕਰਵਾਇਆ। ਸਟੇਜ ਦੀ ਸੇਵਾ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਤੇ ਭਾਈ ਸਰਵਨ ਸਿੰਘ ਨੇ ਕਰਮਵਾਰ ਨਿਭਾਈ।
ਇਸੇ ਦਿਨ ਨੂੰ ਸਮਰਪਿਤ ਗੁਰਦੁਆਰਾ ਬੀਬੀ ਕੌਲਾਂ ਜੀ (ਕੌਲਸਰ) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼ਾਮ ੩-੦੦ ਵਜੇ ਤੋਂ ਰਾਤ ੧੧-੦੦ ਵਜੇ ਤੀਕ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਭਾਈ ਸ਼ੌਕੀਨ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਇਕਬਾਲ ਸਿੰਘ, ਬੀਬੀ ਪਰਮਜੀਤ ਕੌਰ ਤੇ ਬੀਬੀ ਹਰਵੀਨ ਕੌਰ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਹਰਵਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮਨੀਵੀਰ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਸਰਬਜੀਤ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ, ਭਾਈ ਤਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ, ਭਾਈ ਜਸਵਿੰਦਰ ਸਿੰਘ ਤੇ ਭਾਈ ਹਰਦੇਵ ਸਿੰਘ ਦੀਵਾਨਾ ਦੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ, ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ੨੧ ਹਾੜ, ਸੰਮਤ ੧੬੫੨ ਬਿਕ੍ਰਮੀ ਨੂੰ ‘ਗੁਰੂ ਕੀ ਵਡਾਲੀ’ ਨਗਰ, ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ੨੯ ਜੇਠ, ਸੰਮਤ ੧੬੬੩, ਨੂੰ ਸ੍ਰੂ ਗੁਰੂ ਨਾਨਕ ਦੇਵ ਜੀ ਦੀ ਪਾਵਨ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਸਿੱਖ-ਧਰਮ ਵਿੱਚ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਪੱਕਿਆਂ ਕੀਤਾ। ਗੁਰੂ ਸਾਹਬਿ ਨੇ ਜ਼ਾਲਮਾਂ ਤੇ ਜਰਵਾਣਿਆਂ ਦਾ ਟਾਕਰਾ ਕਰਨ ਲਈ ਗੁਰਸਿੱਖਾਂ ਨੂੰ ਸਾਹਸ (ਬਲ) ਬਖਸ਼ਿਆ। ਆਪ ਜੀ ਨੇ ਜ਼ਬਰ ਤੇ ਜ਼ੁਲਮ ਵਿਰੁੱਧ ਯੁੱਧ ਕਰਕੇ ਜ਼ਾਲਮਾਂ ਤੇ ਜਰਵਾਣਿਆਂ ਨੂੰ ਚਾਰ ਵੱਡੀਆਂ ਜੰਗਾਂ ਵਿੱਚ ਮਾਤ ਦਿੱਤੀ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਦੱਸ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਦੇ ਚੱਲਦੇ ਹੋਏ ਬਾਣੀ, ਬਾਣੇ ਤੇ ਸ਼ਸਤਰ ਵਿਦਿਆ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲੇ, ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲੇ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੀ ਸਮਾਪਤੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਪੰਥ ਪ੍ਰਸਿੱਧ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਰਾਤ ਨੂੰ ਦੀਪ ਮਾਲਾ ਕਤੀ ਗਈ ਅਤੇ ‘ਰਹਰਾਸਿ ਸਾਹਿਬ’ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਵੀ ਚਲਾਈ ਗਈ।
ਸਾਰਾ ਦਿਨ ਚੱਲਦੇ ਇਸ ਗੁਰਮਤਿ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ਼ ਦੇ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਹੋਈਆਂ। ਗੁਰੂ ਕੇ ਲੰਗਰ ਅਤੁੱਟ ਵਰਤੇ।