ਅੰਮ੍ਰਿਤਸਰ ੩ ਅਗਸਤ- ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਗਤੀ ਰੂਪ ‘ਚ ਲਿਆਉਣ ਲਈ ਸਿੱਖਾਂ ਨੂੰ ਭਾਵੇਂ ਅਥਾਹ ਕੁਰਬਾਨੀਆਂ ਦੇਣੀਆਂ ਪਈਆਂ ਸਨ, ਪਰ ਇਨ੍ਹਾਂ ਵਿਚੋਂ ਇਕ ਨਿਵੇਕਲੀ ਸ਼ਹਾਦਤ ਸੀ ਸ. ਲਛਮਣ ਸਿੰਘ ਧਾਰੋਵਾਲੀ ਦੀ ਜਿਨ੍ਹਾਂ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਜੰਡ ਦੇ ਰੁੱਖ ਨਾਲ ਬੰਨ੍ਹ ਕੇ ਅਨੇਕਾਂ ਤਸੀਹੇ ਦਿੱਤੇ ਗਏ ਤੇ ਸ਼ਹੀਦ ਕਰ ਦਿੱਤਾ ਗਿਆ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ. ਲਛਮਣ ਸਿੰਘ ਧਾਰੋਵਾਲੀ ਦੀ ਅਦੁੱਤੀ ਸ਼ਹਾਦਤ ਨੂੰ ਸਦੀਵੀ ਬਣਾਉਣ ਦਾ ਉਪਰਾਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਉਨ੍ਹਾਂ ਦੀ ਯਾਦ ‘ਚ ਯਾਦਗਾਰੀ ਗੇਟ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਰਸਮੀ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ੪-੦੮-੨੦੧੫ ਨੂੰ ਆਪਣੇ ਕਰ ਕਮਲਾ ਨਾਲ ਕਰਨਗੇ।

ਜਥੇਦਾਰ ਅਵਤਾਰ ਸਿੰਘ ਵੱਲੋਂ ਦੁਕਾਨਾਂ ਦਾ ਰਸਮੀ ਉਦਘਾਟਨ ਅੱਜ : ਬੇਦੀ
ਅੰਮ੍ਰਿਤਸਰ ੩ ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਤੇ ਸਿਹਤਯਾਬੀ ਲਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪਰਸੋਂ ਤੋਂ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਮਿਤੀ ੪-੦੮-੨੦੧੫ ਨੂੰ ਸਵੇਰੇ ੯ ਵਜੇ ਪੈਣਗੇ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਭੋਗ ਸਮੇਂ ਉਚੇਚੇ ਤੌਰ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਲ ਹੋਣਗੇ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੇਨ ਬਾਜ਼ਾਰ ਨੂੰ ਖੁੱਲਾ ਕਰਨ ਸਮੇਂ ਪ੍ਰਭਾਵਿਤ ਹੋਏ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀਆਂ ਗਈਆਂ ੪੧ ਦੁਕਾਨਾਂ ਲਾਟਰੀ ਸਿਸਟਮ ਰਾਹੀਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਦਾ ਰਸਮੀ ਉਦਘਾਟਨ ਮਿਤੀ ੪-੦੮-੨੦੧੫ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਕਰਨਗੇ।