ਵੈਨਾਂ ‘ਚ ਡਾਕਟਰ, ਫਾਰਮਾਸਿਸਟ ਤੇ ਹੈਲਪਰ ਰਹਿਣਗੇ ਮੌਜੂਦ, ਮੁਫ਼ਤ ਦਵਾਈਆਂ ਦਾ ਵੀ ਹੋਵੇਗਾ ਪ੍ਰਬੰਧ
ਰੋਜ਼ਾਨਾ ਪੰਜ-ਪੰਜ ਪਿੰਡਾਂ ਤੱਕ ਪਹੁੰਚ ਕਰਨਗੀਆਂ ਮੈਡੀਕਲ ਵੈਨਾਂ-ਭਾਈ ਲੌਂਗੋਵਾਲ

ਅੰਮ੍ਰਿਤਸਰ, ੨੫ ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਰਹੱਦੀ ਇਲਾਕਿਆਂ ਦੇ ਲੋੜਵੰਦ ਲੋਕਾਂ ਲਈ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਦੇ ਮੰਤਵ ਨਾਲ ਦੋ ਮੈਡੀਕਲ ਵੈਨਾਂ ਨੂੰ ਖ਼ਾਲਸਾਈ ਜੈਕਾਰਿਆਂ ਨਾਲ ਰਵਾਨਾ ਕੀਤਾ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਦੌਰਾਨ ਸਰਹੱਦੀ ਤੇ ਪੱਛੜੇ ਪੇਂਡੂ ਖੇਤਰਾਂ ‘ਚ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਅੱਜ ਅਮਲੀ ਰੂਪ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਰਹੱਦੀ ਤੇ ਪੱਛੜੇ ਇਲਾਕਿਆਂ ਦੇ ਗਰੀਬ ਲੋਕਾਂ ਲਈ ਵਰਤਮਾਨ ਸਮੇਂ ਮਹਿੰਗੀਆਂ ਸਿਹਤ ਸੇਵਾਵਾਂ ਪ੍ਰਾਪਤ ਕਰਨਾ ਬੇਹੱਦ ਮੁਸ਼ਕਲ ਹੈ ਅਤੇ ਇਸੇ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਤੱਕ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਦੋ ਮੈਡੀਕਲ ਵੈਨਾਂ ਸਰਹੱਦੀ ਪਿੰਡਾਂ ਲਈ ਰਵਾਨਾ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਮੈਡੀਕਲ ਵੈਨਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਹਰ ਇਕ ਵੈਨ ਵਿਚ ਮਾਹਿਰ ਡਾਕਟਰ, ਫਾਰਮਾਸਿਸਟ ਅਤੇ ਹੈਲਪਰ ਮੌਜੂਦ ਰਹਿਣਗੇ ਅਤੇ ਇਸ ਤੋਂ ਇਲਾਵਾ ਮੁਫ਼ਤ ਦਵਾਈਆਂ ਦਾ ਵੀ ਪ੍ਰਬੰਧ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਮੈਡੀਕਲ ਵੈਨਾਂ ਰੋਜ਼ਾਨਾ ਪੰਜ-ਪੰਜ ਪਿੰਡਾਂ ਤੱਕ ਪਹੁੰਚ ਕਰਨਗੀਆਂ ਅਤੇ ਏਸੇ ਤਰ੍ਹਾਂ ਵਾਰੀ-ਵਾਰੀ ਵੱਖ-ਵੱਖ ਹਲਕਿਆਂ ਦੇ ਪਿੰਡਾਂ ਵਿਚ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਲੋੜਵੰਦਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਸੰਸਥਾਵਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਰੀਜ਼ਾਂ ਦਾ ਘੱਟ ਤੋਂ ਘੱਟ ਖ਼ਰਚੇ ‘ਤੇ ਇਲਾਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਮੈਡੀਕਲ ਵੈਨਾਂ ਦੀ ਰਵਾਨਗੀ ਸਮੇਂ ਭਾਈ ਲੌਂਗੋਵਾਲ ਨੇ ਵੈਨਾਂ ‘ਚ ਸੇਵਾ ਨਿਭਾਉਣ ਵਾਲੇ ਸਟਾਫ਼ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਵੀ ਦਿੱਤੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ, ਸ. ਅਵਤਾਰ ਸਿੰਘ ਵਣਵਾਲਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਕਰਮਬੀਰ ਸਿੰਘ ਕਿਆਮਪੁਰ, ਸ. ਰਘਬੀਰ ਸਿੰਘ ਮੰਡ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਡਾਕਟਰ ਕੁਲਵੰਤ ਸਿੰਘ ਦੇਦ, ਸ੍ਰ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਉੱਪਲ, ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਕਵੀਪਾਲ ਸਿੰਘ, ਡਾ. ਬਲਜੀਤ ਸਿੰਘ, ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਸ. ਗੁਰਮੇਲ ਸਿੰਘ ਫਫੜੇਭਾਈ ਸਮੇਤ ਹੋਰ ਮੌਜੂਦ ਸਨ।