ਅੰਮ੍ਰਿਤਸਰ 11 ਸਤੰਬਰ (   ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਅਸਥਾਨਾਂ ਨੇੜੇ ਸਵੱਛ ਭਾਰਤ ਮੁਹਿੰਮ ‘ਚ ਸਿੱਖ ਸੰਗਤਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਆ ਜਾਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਕਾਰਜ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅੰਬੈਸਡਰ ਚੁਣਿਆ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਤੋਂ ਹੀ ਇਤਿਹਾਸਕ ਅਸਥਾਨਾਂ ਅੰਦਰ ਸਫਾਈ ਮੁਹਿੰਮ ਚਲਾਉਣ ਲਈ ਸੇਵਾ ਸੰਗਠਨਾਂ ਨੂੰ ਸ਼ਾਮਲ ਕਰ ਚੁੱਕੀ ਹੈ ਜੋ ਆਪਣਾ ਕਾਰਜ ਬਖੂਬੀ ਨਿਭਾਅ ਰਹੀਆਂ ਹਨ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਇਲ ਕਿੰਗ ਸੇਵਾ ਫੈਡਰੇਸ਼ਨ ਟਰੱਸਟ ਲੁਧਿਆਣਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਘੰਟਾ-ਘਰ) ਵਾਲੀ ਬਾਹੀ ਦੇ ਬਾਥਰੂਮ, ਸ੍ਰੀ ਗੁਰੂ ਰਾਮਦਾਸ ਸਰਾਂ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਤਰ੍ਹਾਂ ਹੀ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਜ਼ਲ੍ਹਿਆਵਾਂਲਾ ਬਾਗ, ਘਿਉ ਮੰਡੀ ਚੌਂਕ ਤੀਕ ਦਿਨ ਵਿੱਚ ੨ ਵਾਰ ਸਾਫ-ਸਫਾਈ ਤੇ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ।
ਸ. ਬੇਦੀ ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ਦੇ ਮੁਲਾਜ਼ਮ ਬਕਾਇਦਾ ਵਰਦੀਆਂ ਪਾ ਕੇ ਇਤਿਹਾਸਕ ਅਸਥਾਨਾਂ ਨੇੜੇ ਸਫਾਈ ਮੁਹਿੰਮ ਚਲਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਟਰੱਸਟ ਵੱਲੋਂ ਬਣਾਏ ਜਾਂਦੇ ਇਸ਼ਨਾਨ ਘਰ ਵੀ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਵਧੀਆ ਢੰਗ ਨਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵੱਛ ਭਾਰਤ ਮੁਹਿੰਮ ਨੂੰ ਚਲਾਉਣ ਲਈ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਾਮਲ ਕਰਨ ਲਈ ਯਤਨ ਕਰੇਗੀ।