ਅੰਮ੍ਰਿਤਸਰ, ੨੦ ਨਵੰਬਰ- ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇ ਜੀ ਦੀ ਚਰਨ ਛੋਹ ਪ੍ਰਪਾਤ ਉਹ ਅਸਥਾਨ ਹੈ ਜਿਥੇ ਉਨ੍ਹਾਂ ਨੇ ਆਪਣੇ ਜੀਵਨ ਦੇ ਕਰੀਬ ੧੪ ਸਾਲ ਬਿਤਾਏ। ਇਥੇ ਹੀ ਉਨ੍ਹਾਂ ਨੇ ਮਨੁੱਖਤਾ ਨੂੰ ਮੂਲ ਮੰਤਰ ਦੇ ਉਪਦੇਸ਼ ਨਾਲ ਜੋੜਿਆ ਅਤੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਸੰਦੇਸ਼ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਥੇ ਇੱਕ ਵਿਸ਼ਾਲ ਸਦੀਵੀ ਅਸਥਾਨ ਤਿਆਰ ਕੀਤਾ ਜਾ ਰਿਹਾ ਹੈ, ਜੋ ‘ਮੂਲ ਮੰਤਰ’ ਅਸਥਾਨ ਵਜੋਂ ਸਥਾਪਿਤ ਹੋਵੇਗਾ। ਇਸ ਦੇ ਨਿਰਮਾਣ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਹਾਜ਼ਰੀ ਵਿਚ ਲੰਘੀ ੧੮ ਅਕਤੂਬਰ ਤੋਂ ਕੀਤੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਨੁਸਾਰ ਇਹ ਅਸਥਾਨ ਤਿਆਰ ਕਰਨ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਹੈ ਜੋ ਬਾਬਾ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਤੇਜੀ ਨਾਲ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਅਸਥਾਨ ਨਵੰਬਰ ੨੦੧੯ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਭਾਈ ਲੌਂਗੋਵਾਲ ਅਨੁਸਾਰ ਇਹ ਅਸਥਾਨ ਆਪਣੀ ਹੀ ਕਿਸਮ ਦਾ ਇੱਕ ਅਜੂਬਾ ਹੋਵੇਗਾ ਅਤੇ ਇਥੇ ਆਉਣ ਵਾਲੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਨੂੰ ਵਰਤਮਾਨ ਤਕਨੀਕਾਂ ਅਨੁਸਾਰ ਤਿਆਰ ਕੀਤਾ ਜਾਵੇਗਾ ਜਿਸ ਵਿਚ ਪਹਿਲੇ ਪਾਤਸ਼ਾਹ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਇਤਿਹਾਸ ਨੂੰ ਰੂਪਮਾਨ ਕੀਤਾ ਜਾਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਜਾ ਰਿਹਾ ‘ਮੂਲ ਮੰਤਰ’ ਅਸਥਾਨ ਦੋ ਏਕੜ ਵਿਚ ਤਿਆਰ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੁ ਦੱਸਿਆ ਕਿ ਇਸ ਅਸਥਾਨ ਦੀਆਂ ਚਾਰ ਮੰਜਲਾਂ ਹੋਣਗੀਆਂ ਅਤੇ ਹਰ ਮੰਜ਼ਿਮ ਦੀ ਉਚਾਈ ੧੩ ਫੁੱਟ ਰੱਖੀ ਜਾ ਰਹੀ ਹੈ ਪਰ ਧਰਾਤਲ ਮੰਜ਼ਿਲ ਦੀ ਉਚਾਈ ੧੩ ਜਮ੍ਹਾਂ ੧੩ ਹੋਵੇਗੀ। ਇਸ ਤੋਂ ਇਲਾਵਾ ੧੩ ਹੀ ਡਾਟਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੇ ਵਰਾਂਡਿਆਂ ਵਿਚ ੧੩ ਫੁੱਟ ਚੌੜੀ ਜਗ੍ਹਾ ਬਣਾ ਕੇ ਉਸ ਵਿਚ ਪਾਣੀ ਦਾ ਪ੍ਰਵਾਹ ਚਲਾਇਆ ਜਾਵੇਗਾ। ਇਸ ਅਸਥਾਨ ਦੇ ਅੰਦਰ ਵੀ ੨੦ ਫੱਟ ਦੇ ਘੇਰੇ ਵਿਚ ਪਾਣੀ ਦਾ ਪ੍ਰਵਾਹ ਸੰਗਤ ਲਈ ਆਕਰਸ਼ਕ ਦ੍ਰਿਸ਼ ਪੇਸ਼ ਕਰੇਗਾ। ਇਸ ਦੀ ਖੂਬਸੂਰਤੀ ਲਈ ਪਾਣੀ ਦਾ ਪ੍ਰਬੰਧ ਪਵਿੱਤਰ ਵੇਈਂ ਵਿੱਚੋਂ ਹੀ ਕੀਤਾ ਜਾਵੇਗਾ ਅਤੇ ਇਹ ਪਾਣੀ ਵਾਪਸ ਵੀ ਵੇਈਂ ਵਿਚ ਜਾਵੇਗਾ। ਕੁੱਲ੍ਹ ੧੬ ਗੈਲਰੀਆਂ ਵਾਲੇ ਇਸ ਅਦੁਭੁੱਤ ਅਸਥਾਨ ਦਾ ਵਿਚਕਾਰਲੇ ਘੇਰੇ ਨੂੰ ਬਿਲਕੁਲ ਉਪਰਲੀ ਮੰਜ਼ਿਲ ਤੱਕ ਖਾਲੀ ਰੱਖ ਕੇ aੱਪਰ ਤੋਂ ਹੇਠਾਂ ਨੂੰ ਵਿਸ਼ੇਸ਼ ਲਾਈਟਾਂ ਨਾਲ ਖੁਬਸੂਰਤ ਦਿੱਖ ਦਿੱਤੀ ਜਾਵੇਗੀ। ਸੰਗਤ ਦੀ ਸਹੂਲਤ ਲਈ ੨ ਪੌੜੀਆਂ ਅਤੇ ਇੱਕ ਲਿਫਟ ਦੀ ਵਿਵਸਥਾ ਕੀਤੀ ਗਈ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਗੁਰਦੁਆਰਾ ਸੰਤ ਘਾਟ ਦੀ ਪਰਿਕਰਮਾ ਨੂੰ ਵੀ ੨੫ ਫੁੱਟ ਵਧਾਇਆ ਜਾ ਰਿਹਾ ਹੈ ਤਾਂ ਜੋ ਉਸ ਨੂੰ ਮੂਲ ਮੰਤਰ ਅਸਥਾਨ ਨਾਲ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਮੂਲ ਮੰਤਰ ਅਸਥਾਨ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਖੁਬਸੂਰਤ ਬਾਗ ਤਿਆਰ ਕੀਤਾ ਜਾਵੇਗਾ ਜਿਸ ਵਿੱਚੋਂ ਯਾਦਗਾਰੀ ਅਸਥਾਨ ਤੱਕ ੧੩ ਰਸਤੇ ਬਣਾਏ ਜਾਣਗੇ। ਇਸ ਵਿਚ ਇਤਿਹਾਸ ਦੀ ਪ੍ਰਸਤੁਤੀ ਬਾਰੇ ਉਨ੍ਹਾਂ ਦੱਸਿਆ ਕਿ ਇਥੇ ਮਲਟੀਮੀਡੀਆ ਤੇ ਪੇਂਟਿੰਗ ਦੋਵੇਂ ਵਿਵਸਥਾ ਕੀਤੀਆਂ ਜਾਵਗੀਆਂ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਮਾਹਰਾਂ ਦੀ ਇੱਕ ਕਮੇਟੀ ਜਲਦੀ ਹੀ ਬਣਾਈ ਜਾ ਰਹੀ ਹੈ।