logoਅੰਮ੍ਰਿਤਸਰ ੨੧ ਨਵੰਬਰ- ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੨੫ ਨਵੰਬਰ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ੨੪ ਨਵੰਬਰ ੨੦੧੫ ਨੂੰ ਦੁਪਹਿਰ ੧੨.੦੦ ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥੇ, ਸਕੂਲੀ ਬੱਚੇ, ਵੱਖ-ਵੱਖ ਬੈਂਡ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਟਕਸਾਲਾਂ ਸ਼ਮੂਲੀਅਤ ਕਰਨਗੀਆਂ।ਇਹ ਨਗਰ ਕੀਰਤਨ ਬ੍ਰਹਮ ਬੂਟਾ ਮਾਰਕੀਟ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾ, ਬਜ਼ਾਰ ਪਾਪੜਾਂ, ਬਜ਼ਾਰ ਬਾਸਾਂ ਵਾਲਾ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਮੰਨਾ ਸਿੰਘ ਤੇ ਚੌਂਕ ਪਰਾਗਦਾਸ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ੨੫ ਨਵੰਬਰ ਦਿਨ ਬੁੱਧਵਾਰ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਵੇਰੇ ੮:੩੦ ਵਜੇ ਤੋਂ ੧੨:੦੦ ਵਜੇ ਤੀਕ ਸੁੰਦਰ ਜਲੌ ਸਜਾਏ ਜਾਣਗੇ।ਇਸੇ ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਮੁੱਖਵਾਕ ਦੀ ਕਥਾ ਉਪਰੰਤ ਸਕੂਲੀ ਬੱਚਿਆਂ ਦੇ ਜਥੇ ਕੀਰਤਨ ਕਰਨਗੇ।ਇਥੇ ਹੀ ਸਾਰਾ ਦਿਨ ਦੀਵਾਨ ਸਜਣਗੇ ਤੇ ਰਾਤ ੭ ਤੋਂ ੯ ਵਜੇ ਤੀਕ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਉਪਰੰਤ ਰਾਤ ੯:੦੦ ਵਜੇ ਤੋਂ ਬਾਅਦ ਕਵੀ ਸਮਾਗਮ ਹੋਵੇਗਾ ਜਿਸ ਵਿੱਚ ਉੱਚ ਕੋਟੀ ਦੇ ਕਵੀ-ਜਨ ਹਿੱਸਾ ਲੈਣਗੇ।
ਸ. ਬੇਦੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਜਨਮ ਸਫ਼ਲਾ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।