2(1)ਅੰਮ੍ਰਿਤਸਰ : 11 ਮਈ (      ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਮਹਿਤਾ ਰੋਡ ਵੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਜਨੇਪੇ ਲਈ ਦਾਖਲ ਹੋਣ ਵਾਲੀਆਂ ਔਰਤਾਂ ਦਾ ਅੱਜ ਤੋਂ ਸਾਰਾ ਖਰਚਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਖੁਲਾਸਾ ਆਪਣੇ ਦਫ਼ਤਰ ਵਿਖੇ ਬੁਲਾਈ ਉਚੇਚੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚਾ ਖਾਲਸਾ ਪੰਥ ਇਸ ਸਮੇਂ ਖਾਲਸੇ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਾਰਜ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਹੋਣ ਵਾਲੀਆਂ ਬੀਬੀਆਂ ਪਾਸੋਂ ਨਾ ਕੋਈ ਦਾਖਲਾ ਫੀਸ, ਨਾ ਬੈਡ ਚਾਰਜਿਜ, ਨਾ ਅਪਰੇਸ਼ਨ ਫੀਸ ਅਤੇ ਨਾ ਹੀ ਸਕੈਨ ਤੇ ਹੋਰ ਟੈਸਟਾਂ ਦਾ ਕੋਈ ਪੈਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾਰਮਲ ਅਤੇ ਸਜ਼ੇਰੀਅਨ ਡਲਿਵਰੀ ਸਮੇਂ ਲੱਗਣ ਵਾਲੀਆਂ ਦਵਾਈਆਂ ਆਦਿ ਵੀ ਹਸਪਤਾਲ ਵੱਲੋਂ ਹੀ ਦਿੱਤੀਆਂ ਜਾਣਗੀਆਂਤੇ ਇਹ ਸਕੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਦੇ ਹਸਪਤਾਲਾਂ ਵਿੱਚ ਵੀ ਲਾਗੂ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲ ਅਤੇ ਡਿਸਪੈਂਸਰੀਆਂ ਪਬਲਿਕ ਦੀ ਸਹੂਲਤ ਲਈ ਹੀ ਖੋਹਲੇ ਗਏ ਹਨ। ਉਨ੍ਹਾਂ ਕਿਹਾ ਕਿ ਵੱਲਾ ਵਿਖੇ ਚੱਲ ਰਹੇ ੮੦੦ ਬਿਸਤਰਿਆਂ ਦੇ ਹਸਪਤਾਲ ਵਿੱਚ ਸਾਰੀਆਂ ਡਾਕਟਰੀ ਸੁਵਿਧਾਵਾਂ ਉਪਲੱਬਧ ਹਨ ਅਤੇ ਡਾਕਟਰ ਵੀ ਕੁਆਲੀਫਾਈਡ ਹਨ। ਉਨ੍ਹਾਂ ਹੋਰ ਕਿਹਾ ਕਿ ਜਣੇਪੇ ਸਮੇਂ ਬੇਟੀ ਦਾ ਜਨਮ ਹੋਣ ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ ੧੦੦੦ ਰੁਪਏ ਬੱਚੀ ਨੂੰ ਸ਼ਗਨ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਸਕੀਮ ਕੇਵਲ ਸਰਕਾਰੀ ਹਸਪਤਾਲਾਂ ਤੱਕ ਹੀ ਸੀਮਤ ਕੀਤੀ ਗਈ ਹੈ, ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਅੱਜ ਤੋਂ ਸ਼ੁਰੂ ਕੀਤੀ ਗਈ ਇਹ ਸਕੀਮ ਲਗਾਤਾਰ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਲੋੜਵੰਦ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਨੇਪਾਲ ਵਿਖੇ ਬੀਤੇ ਦਿਨੀਂ ਆਦੇ ਭਿਆਨਕ ਭੂਚਾਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਕਸ਼ਮੀਰ ਵਾਂਗ ਸਭ ਤੋਂ ਪਹਿਲਾਂ ਪਹੁੰਚ ਕੇ ਬਿਨਾ ਕਿਸੇ ਭੇਦ ਭਾਵ ਦੇ ਮਨੁੱਖਤਾ ਦੀ ਸੇਵਾ ਕੀਤੀ ਹੈ। ਜਿਸ ਦੀ ਓਥੋਂ ਦੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਨੇ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈ ਇਸ ਸੇਵਾ ਨਾਲ ਸਮੁੱਚੀ ਸਿੱਖ ਕੌਮ ਦਾ ਦੁਨੀਆਂ ਦੇ ਨਕਸ਼ੇ ਤੇ ਅਕਸ ਸੁਧਰਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਨਿਭਾਉਣ ਬਦਲੇ ਹੋਰਨਾਂ ਸਵੈ ਸੇਵੀ ਜਥੇਬੰਦੀਆਂ ਤੋਂ ਇਲਾਵਾ ਪੰਥਕ ਤਾਲਮੇਲ ਸੰਗਠਨ ਨੇ ਵੀ ਭਰਪੂਰ ਸ਼ਲਾਘਾ ਕੀਤੀ ਹੈ।
ਇਸ ਮੌਕੇ ਸ. ਮਗਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਪਰਮਜੀਤ ਸਿੰਘ ਸਰੋਆ, ਸ੍ਰ: ਹਰਭਜਨ ਸਿੰਘ ਮਨਾਵਾਂ , ਸ੍ਰ: ਬਿਜੈ ਸਿੰਘ ਤੇ  ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ੍ਰ: ਜੋਗਿੰਦਰ ਸਿੰਘ ਅਦਲੀਵਾਲ ਸਕੱਤਰ, ਡਾ: ਏ ਪੀ ਸਿੰਘ ਐਡੀ: ਸਕੱਤਰ ਟਰੱਸਟ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਅਤੇ ਸ. ਅਮਨਦੀਪ ਸਿੰਘ ਇੰਚਾਰਜ ਟਰੱਸਟ ਆਦਿ ਹਾਜ਼ਰ ਸਨ।