ਸ.ਜਸਜੀਤ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਕਮੇਟੀ ‘ਚ ਸਰਵਿਸ ਕਰ ਸਕਦਾ ਹੈ : ਰੂਪ ਸਿੰਘ

ਅੰਮ੍ਰਿਤਸਰ : 14 ਜੂਨ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਉਨ੍ਹਾਂ ਦੇ ਨਿਰਦੇਸ਼ਾਂ ਤੇ ਡਾਕਟਰ ਰੂਪ ਸਿੰਘ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਤਰਵਿੰਦਰ ਸਿੰਘ ਮੀਤ ਸਕੱਤਰ ਤੇ ਸ. ਨਿਰਮਲ ਸਿੰਘ ਇੰਚਾਰਜ ਗੱਡੀਆ ਨੇ ਜੰਮੂ ਵਾਸੀ ਸ. ਜਸਜੀਤ ਸਿੰਘ ਦੇ ਨਮਿਤ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਸ਼ਮੂਲੀਅਤ ਕੀਤੀ ਤੇ ਸੰਗਤਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੰਮੂ ਪੁਲਿਸ ਨੇ ਸ. ਜਸਜੀਤ ਸਿੰਘ ਨੂੰ ਜਾਣ-ਬੁਝ ਕੇ ਸ਼ਹੀਦ ਕੀਤਾ ਹੈ।ਜੇਕਰ ਪ੍ਰਸ਼ਾਸਨ ਸੂਝ-ਬੂਝ ਤੋਂ ਕੰਮ ਲੈਂਦਾ ਤਾਂ ਸ. ਜਸਜੀਤ ਸਿੰਘ ਦੀ ਜਾਨ ਬਚ ਸਕਦੀ ਸੀ।ਉਨ੍ਹਾਂ ਕਿਹਾ ਕਿ ਜੰਮੂ ਪ੍ਰਸ਼ਾਸਨ ਦੀ ਇਸ ਵਧੀਕੀ ਖਿਲਾਫ ਸ਼੍ਰੋਮਣੀ ਕਮੇਟੀ ਜੰਮੂ ਦੇ ਸਿੱਖ ਭਾਈਚਾਰੇ ਨਾਲ ਚਟਾਨ ਵਾਂਗ ਖੜੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ. ਜਸਜੀਤ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆਪ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ, ਪ੍ਰੰਤੂ ਸਿਹਤ ਠੀਕ ਨਾ ਹੋਣ ਕਰਕੇ ਉਹ ਆ ਨਹੀਂ ਸਕੇ ਤੇ ਸਾਡੀ ਡਿਊਟੀ ਉਨ੍ਹਾਂ ਉਚੇਚੇ ਤੌਰ ਤੇ ਲਗਾਈ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਦਾ ਜੰਮੂ ਕਸ਼ਮੀਰ ਵਾਸੀ ਸਿੱਖ ਭਾਈਚਾਰੇ ਨਾਲ ਦਿਲੀ ਲਗਾਵ ਹੈ ਕਿਉਕਿ ਇਥੇ ਵਸਦੇ ਸਿੱਖ ਪਰਿਵਾਰਾਂ ‘ਚ ਸਿੱਖੀ ਸਾਫ ਝਲਕਦੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਮਹਿਸੂਸ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਸ. ਜਸਜੀਤ ਸਿੰਘ ਦਾ ਪਰਿਵਾਰ ਅਤੇ ਕੌਮ ਨੂੰ  ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਭਣਾ ਸਾਡਾ ਫਰਜ਼ ਹੈ।ਉਨ੍ਹਾਂ ਪਰਿਵਾਰ ਲਈ ੫ ਲੱਖ ਰੁਪਏ ਦਾ ਚੈਕ ਸਹਾਇਤਾ ਰਾਸ਼ੀ ਵਜੋਂ ਸ. ਜਸਜੀਤ ਸਿੰਘ ਦੇ ਪਿਤਾ ਸ. ਨਰਵੀਰ ਸਿੰਘ ਨੂੰ ਦਿੱਤਾ।ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਪੁਲਿਸ ਗੋਲੀ ਨਾਲ ਸ. ਗੁਰਦੇਵ ਸਿੰਘ ਪੁੱਤਰ ਸ. ਭੁਪਿੰਦਰ ਸਿੰਘ, ਸ. ਹਵਨੀਤ ਸਿੰਘ ਪੁੱਤਰ ਸ. ਗੁਰਦੇਵ ਸਿੰਘ, ਸ. ਇੰਦਰਜੀਤ ਸਿੰਘ ਪੁੱਤਰ ਸ. ਭੁਪਿੰਦਰ ਸਿੰਘ, ਸ. ਰਣਬੀਰ ਸਿੰਘ ਪੁੱਤਰ ਸ. ਨਰਿੰਦਰ ਸਿੰਘ, ਸ. ਗਗਨਦੀਪ ਸਿੰਘ ਪੁੱਤਰ ਸ. ਜੋਗਿੰਦਰ ਸਿੰਘ ਫੱਟੜ ਹੋ ਗਏ ਸਨ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ੫੦-੫੦ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਤੇ ਪੁਲਿਸ ਨੇ ਕੇਸ ਦਰਜ ਕੀਤੇ ਹਨ ਉਨ੍ਹਾਂ ਨੌਜਵਾਨਾਂ ਦੇ ਕੇਸਾਂ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਰ ਲਵੇਗੀ।

ਸੰਗਤਾਂ ਵੱਲੋਂ ਕੀਤੀ ਮੰਗ ਕਿ ਸ.ਜਸਜੀਤ ਸਿੰਘ ਦੀ ਯਾਦ ਵਿੱਚ ਸਕੂਲ ਬਣਾਇਆ ਜਾਵੇ ਜਿਸ ਤੇ ਡਾਕਟਰ ਰੂਪ ਸਿੰਘ ਸਕੱਤਰ ਨੇ ਕਿਹਾ ਕਿ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਕੂਲ ਵਾਸਤੇ ਜ਼ਮੀਨ ਮੁਹੱਈਆ ਕਰਵਾ ਦਿੱਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਸ. ਜਸਜੀਤ ਸਿੰਘ ਦੀ ਯਾਦ ਵਿੱਚ ਸਕੂਲ ਬਣਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਾਸੀ ਸਿੱਖਾਂ ਦੇ ਕਹੇ ਅਨੁਸਾਰ ਚਿੱਠੀਸਿੰਘਪੁਰਾ ਵਿਖੇ ਵੀ ੧ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਬਣਾਇਆ ਜਾ ਰਿਹਾ ਹੈ।ਕੁਦਰਤੀ ਆਫਤ ਹੜ੍ਹਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜੰਮੂ ਵਾਸੀਆਂ ਦੀ ਸਹਾਇਤਾ ਲਈ ਸਾਢੇ ਤਿੰਨ ਮਹੀਨੇ ਸਹਾਇਤਾ ਕੈਂਪ ਲਗਾਇਆ ਸੀ ਜਿਸ ਦੌਰਾਨ ਬਿਨਾਂ ਭੇਦਭਾਵ ਹਰੇਕ ਵਰਗ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਗਈ ਸੀ।ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਦੌਰਾਨ ਜਿਹੜੇ ਸਿੱਖ ਪਰਿਵਾਰਾਂ ਦੇ ਮਕਾਨ ਤਬਾਅ ਹੋ ਗਏ ਸਨ ਅਤੇ ਇਕ ਬਰਾਤ ਵਾਲੀ ਬੱਸ ਹੜ੍ਹ ਵਿੱਚ ਰੁੜ ਗਈ ਸੀ ਉਨ੍ਹਾਂ ਦੇ ਵਾਰਸਾਂ ਨੂੰ ਵੀ ਮਦਦ ਦਿੱਤੀ ਗਈ ਸੀ।ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਾਲਜਾਂ ਵਿੱਚ ਪੜ੍ਹਦੇ ਜੰਮੂ ਵਾਸੀ ੪੦ ਵਿਦਿਆਰਥੀਆਂ ਨੂੰ ੫-੫ ਹਜ਼ਾਰ ਰੁਪਏ ਟੋਕਨ ਮਨੀ ਵਜੋਂ ਦਿੱਤੇ ਗਏ ਸਨ ਤੇ ਜ਼ਖਮੀਆਂ ਦਾ ਫਰੀ ਇਲਾਜ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸ. ਜਸਜੀਤ ਸਿੰਘ ਦੇ ਪਰਿਵਾਰ ਦਾ ਜੇਕਰ ਕੋਈ ਮੈਂਬਰ ਸਰਵਿਸ ਕਰਨੀ ਚਾਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਯੋਗਤਾ ਦੇ ਆਧਾਰ ਤੇ ਸਰਵਿਸ ਦੇਵੇਗੀ।