ਅੰਮ੍ਰਿਤਸਰ: 13 ਮਾਰਚ – ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਗੁਰਦੁਆਰਾ ਸਾਹਿਬਾਨ ਅਤੇ ਸਬੰਧਤ ਸੰਸਥਾਵਾਂ ਵਿੱਚ ਹਜ਼ਾਰਾਂ ਬੂਟੇ ਲਗਾ ਕੇ ਇਸ ਇਤਹਾਸਕ ਦਿਹਾੜੇ ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ।

ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 547 ਅਨੁਸਾਰ 1 ਚੇਤ ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਇਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਹਰੇਕ ਗੁਰਦੁਆਰਾ ਸਾਹਿਬ, ਸਬੰਧਤ ਸਕੂਲਾਂ/ਕਾਲਜਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਓੋਥੋਂ ਦੀ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਅਤੇ ਵਾਤਾਵਰਮ ਦੀ ਸ਼ੁੱਧਤਾ ਲਈ ਵਿਸ਼ੇਸ਼ ਕਿਸਮ ਦੇ ਬੂਟੇ ਲਗਾਏ ਜਾਣਗੇ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਜਿਊਣ ਲਈ ਜਿਵੇਂ ਮਨੁੱਖ ਨੂੰ ਭੋਜਨ ਅਤੇ ਪਾਣੀ ਦੀ ਜਰੂਰਤ ਹੁੰਦੀ ਹੈ, ਉਸੇ ਤਰਾਂ ਮਨੁੱਖੀ ਜੀਵਨ ਵਿੱਚ ਸ਼ੁੱਧ ਹਵਾ ਦਾ ਹੋਣਾ ਵੀ ਜਰੂਰੀ ਹੈ। ਹਰੇਕ ਸੱਭਿਅਕ ਮਨੁੱਖ ਨੂੰ ਕੁਦਰਤੀ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ, ਕਿਉਕਿ ਦਿਨੋ ਦਿਨ ਫੈਕਟਰੀਆਂ ਅਤੇ ਗੱਡੀਆਂ ਦਾ ਧੂੰਆ ਵਾਤਾਵਰਨ ਦੀ ਸ਼ੁੱਧਤਾ ਨੂੰ ਪ੍ਰਦੂਸ਼ਤ ਕਰ ਰਿਹਾ ਹੈ। ਮਸ਼ੀਨੀਕਰਨ ਨਾਲ ਵਾਤਾਵਰਨ ਤੇ ਪੈ ਰਹੇ ਮਾੜੇ ਅਸਰ ਅਤੇ ਗੱਡੀਆਂ ਦੇ ਧੂੰਏ ਵਿੱਚਲੀਆਂ ਜਹਿਰੀਲੀਆਂ ਗੈਸਾਂ ਨਾਲ ਮਨੁੱਖ ਦੇ ਜੀਵਨ ਵਿੱਚ ਦਿਨੋ-ਦਿਨ ਰੋਗਾਂ ਦਾ ਵਾਧਾ ਹੋ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਮਨੁੱਖੀ ਜੀਵਨ ਨੂੰ ਸ਼ੁੱਧ ਹਵਾ-ਹਰਿਆਲੀ ਦੀ ਬਹੁਤ ਜਰੂਰਤ ਹੈ, ਜੋ ਦਿਨੋ-ਦਿਨ ਇਸ ਧਰਤੀ ਤੋਂ ਖਤਮ ਹੁੰਦੀ ਜਾ ਰਹੀ ਹੈ। ਸ਼ਹਿਰਾਂ ਵਿੱਚ ਸੰਘਣੀ ਵਸੋਂ ਹੋਣ ਕਾਰਨ ਪਹਿਲਾਂ ਹੀ ਦਰੱਖਤਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ ਤੇ ਜਰੂਰਤ ਅਨੁਸਾਰ ਸੜਕਾਂ ਚੌੜਾਈ ਦੇ ਦੋਪਾਸੀਂ ਲੱਗੇ ਦਰੱਖਤਾਂ ਅਤੇ ਜੰਗਲਾਂ ਦੀ ਦਿਨੋ-ਦਿਨ ਹੋ ਰਹੀ ਕਟਾਈ ਕਾਰਨ ਗਲੋਬਲ ਤਪਸ਼ ਵੱਧ ਰਹੀ ਹੈ ਅਤੇ ਸਰਦੀਆਂ ਦਾ ਮੌਸਮ ਘਟ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਧਰਤੀ ਤੇ ਸ਼ੁੱਧ ਵਾਤਾਵਰਨ ਬਣਾਏ ਰੱਖਣ ਲਈ ਦਰੱਖਤਾਂ ਦਾ ਹੋਣਾ ਬਹੁਤ ਜਰੂਰੀ ਹੈ ਤੇ ਅੱਜ ਹਰੇਕ ਸੱਭਿਅਕ ਇਨਸਾਨ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਝੇ ਅਤੇ ਢੁੱਕਵੀਂ ਜਗ੍ਹਾ ਤੇ ਵੱਧ ਤੋਂ ਵੱਧ ਬੂਟੇ ਲਗਾਵੇ ਤਾਂ ਜੋ ਵਾਤਾਵਰਨ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ ਅਤੇ ਮਨੁੱਖੀ ਜ਼ਿੰਦਗੀ ਦਾ ਧਰਾਤਲ ਸੁੱਖ ਮਈ ਹੋਵੇ। ਉਨ੍ਹਾਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਰੋਜ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਫਰੀ ਬੂਟੇ ਵੰਡੇ ਜਾਂਦੇ ਹਨ ਸੰਗਤਾਂ ਵਾਤਾਵਰਨ ਦਿਵਸ ਨੂੰ ਸਮਰਪਿਤ ਹੁੰਦੀਆਂ ਹੋਈਆਂ ਇਨ੍ਹਾਂ ਸਥਾਨਾ ਤੋਂ ਵੱਧ ਤੋਂ ਵੱਧ ਬੂਟੇ ਲੈ ਕੇ ਆਪਣੇ-ਆਪਣੇ ਇਲਾਇਆਂ ਤੇ ਘਰਾ ਵਿੱਚ ਲਗਾਉਣ।