350 ਸਾਲਾ ਸਥਾਪਨਾ ਦਿਵਸ ਮੌਕੇ ਸਹਿਯੋਗੀ ਧਾਰਮਿਕ ਜਥੇਬੰਦੀਆਂ ਦਾ ਹੋਵੇਗਾ ਸਨਮਾਨ

ਸ੍ਰੀ ਅੰਮ੍ਰਿਤਸਰ : 22 ਜੂਨ (      ) ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ 17 ਤੋਂ 19 ਜੂਨ ਤੱਕ ਗੁਰਦੁਆਰਾ ਭੋਰਾ ਸਾਹਿਬ ਤੇ ਹੋਰ ਵੱਖ-ਵੱਖ ਥਾਵਾਂ ਤੇ ਧਾਰਮਿਕ ਸਮਾਗਮ ਕਰਵਾ ਕੇ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ-ਭਾਵਨਾ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ ਹੈ।ਇਸ ਸਬੰਧ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ 3 ਜੁਲਾਈ ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ ਜਿਨ੍ਹਾਂ ਦਾ ਭੋਗ 5 ਜੁਲਾਈ ਨੂੰ ਪਵੇਗਾ। ਉਪਰੰਤ ਦਸਮੇਸ਼ ਹਾਲ ਵਿਖੇ ਰਾਗੀ ਸਿੰਘ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਕੀਰਤਨ ਦੀ ਸਮਾਪਤੀ ਉਪਰੰਤ ਸਮੂਹ ਧਾਰਮਿਕ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਗਏ ਸਮਾਗਮਾਂ ਸਮੇਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਇਨ੍ਹਾਂ ਸਮਾਗਮਾਂ ਸਮੇਂ ਖਾਸ ਤੌਰ ‘ਤੇ ਸਮੂਹ ਧਾਰਮਿਕ ਸ਼ਖ਼ਸੀਅਤਾਂ, ਟਕਸਾਲਾਂ, ਨਿਹੰਗ ਸਿੰਘ ਦਲਾਂ, ਧਾਰਮਿਕ ਸਭਾ-ਸੁਸਾਇਟੀਆਂ, ਨਿਰਮਲੇ, ਉਦਾਸੀ, ਸੇਵਾਪੰਥੀ ਸੰਪ੍ਰਦਾਵਾਂ, ਸੰਤ ਸਮਾਜ ਦੇ ਮੁਖੀਆਂ, ਕਾਰ-ਸੇਵਾ ਵਾਲੇ ਮਹਾਪੁਰਸ਼ਾਂ, ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨਾਂ ਜਿਨ੍ਹਾਂ ਨੇ ਨਗਰ ਕੀਰਤਨਾਂ ਦੇ ਰੂਪ ‘ਚ ਸ਼ਮੂਲੀਅਤ ਕੀਤੀ ਅਤੇ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 5 ਜੁਲਾਈ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇਗਾ।