ਅੰਮ੍ਰਿਤਸਰ, 10 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਖਾਲਸਾ ਏਡ ਸੰਸਥਾ ਯੂ.ਕੇ. ਦੇ ਨੁਮਇੰਦਿਆਂ ਨੂੰ ਦੋ ਲੱਖ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ, ਚਾਦੀ ਦੀ ਤਸਤਰੀ ਅਤੇ ਸਿਰੋਪਾਓ ਦੇ ਕ ਸਨਮਾਨਿਤ ਕੀਤਾ। ਇਹ ਸਨਮਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਕੀਤਾ ਗਿਆ, ਜਿਸ ਨੂੰ ਪ੍ਰਾਪਤ ਕਰਨ ਲਈ ਖਾਲਸਾ ਏਡ ਸੰਸਥਾ ਵੱਲੋਂ ਏਸ਼ੀਆ ਮੁਖੀ ਸ. ਅਮਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਖਾਲਸਾ ਏਡ ਵੱਲੋਂ ਸ. ਪਰਮਪਾਲ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਗੁਰਸਾਹਿਬ ਸਿੰਘ, ਸ. ਤਜਿੰਦਰਪਾਲ ਸਿੰਘ ਅਤੇ ਸ. ਹਰਪ੍ਰੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਗਏ ਸੇਵਾ ਦੇ ਸਿਧਾਂਤ ਅਨੁਸਾਰ ਖਾਲਸਾ ਏਡ ਯੂ.ਕੇ. ਵੱਲੋਂ ਕੁਦਰਤੀ ਆਫ਼ਤਾਂ ਸਮੇਂ ਮਨੁੱਖਤਾ ਦੀ ਭਲਾਈ ਲਈ ਜ਼ਿਕਰਯੋਗ ਕਾਰਜ ਕੀਤੇ ਗਏ ਹਨ, ਜਿਸ ਨਾਲ ਸਿੱਖ ਕੌਮ ਦੀ ਚੁਫੇਰਿਉਂ ਪ੍ਰਸ਼ੰਸਾ ਹੋਈ ਹੈ। ਉਨ੍ਹਾਂ ਕਿਹਾ ਕਿ ਖਾਲਸਾ ਏਡ ਵੱਲੋਂ ਗੁਰੂ ਸਾਹਿਬਾਨ ਦੇ ਮਿਸ਼ਨ ਅਨੁਸਾਰ ਅਪਣਾਈ ਜਾ ਰਹੀ ਮਨੁੱਖਤਾਵਾਦੀ ਪਹੁੰਚ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਖਾਲਸਾ ਏਡ ਸੰਸਥਾ ਇਸੇ ਤਰ੍ਹਾਂ ਮਾਨਵ ਹਿੱਤਕਾਰੀ ਸੇਵਾਵਾਂ ਨਿਭਾਉਂਦੀ ਰਹੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਭਗਵੰਤ ਸਿੰਘ ਸਿਆਲਕਾ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਸ. ਅਮਰਜੀਤ ਸਿੰਘ ਬੰਡਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਬਿਕਰਮਜੀਤ ਸਿੰਘ ਕੋਟਲਾ ਤੇ ਸ. ਸੁਖਵਰਸ਼ ਸਿੰਘ ਪੰਨੂੰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਤੇ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਡਾ. ਏ.ਪੀ. ਸਿੰਘ ਆਦਿ ਹਾਜ਼ਰ ਸਨ।