ਅੰਮ੍ਰਿਤਸਰ, 10 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸਮੇਂ ਵਿਚ ਫਾਰਗ ਕੀਤੇ ਗਏ ਮੁਲਾਜ਼ਮਾਂ ਨੂੰ ਅੱਜ ਸਬ-ਕਮੇਟੀ ਦੀਆਂ ਸਿਫਾਰਸ਼ਾਂ ਤੇ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਦੀ ਆਸ ‘ਤੇ ਮੁੜ ਬਹਾਲ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫਤਰ ਵਿਖੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਾਰਗ ਮੁਲਾਜ਼ਮਾਂ ਨੂੰ ਮੁੜ ਡਿਊਟੀ ਹਾਜ਼ਰ ਕਰਨ ਦਾ ਐਲਾਨ ਕੀਤਾ, ਜਿਸ ਮਗਰੋਂ ਉਨ੍ਹਾਂ ਨੂੰ ਹਾਜ਼ਰ ਹੋਣ ਲਈ ਦਫਤਰੀ ਪੱਤਰ ਜਾਰੀ ਕੀਤੇ ਗਏ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਇਨ੍ਹਾਂ ਫਾਰਗ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਧਰਨਾ ਉਠਾ ਦਿੱਤਾ ਸੀ। ਫਾਰਗ ਮੁਲਾਜ਼ਮਾਂ ਨੂੰ ਮੁੜ ਸੇਵਾ ਦੇਣ ਸਬੰਧੀ ਐਲਾਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਬੰਧਤ ਮੁਲਾਜ਼ਮਾਂ ਦੀ ਸੇਵਾ ਬਹਾਲ ਕਰ ਦਿੱਤੀ ਗਈ ਹੈ ਅਤੇ ਹੁਣ ਉਹ ਇਮਾਨਦਾਰੀ ਅਤੇ ਗੁਰੂ ਦੀ ਭੈ-ਭਾਵਨੀ ਵਿਚ ਰਹਿ ਕੇ ਸੇਵਾ ਨਿਭਾਉਣ। ਭਾਈ ਲੌਂਗੋਵਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਹੁਸਨ ਸਿੰਘ ਦਾ ਹਾਲ-ਚਾਲ ਜਾਨਣ ਲਈ ਵੀ ਗਏ। ਇਸ ਮੌਕੇ ਭਾਈ ਲੌਂਗੋਵਾਲ ਦੇ ਨਾਲ ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਭਗਵੰਤ ਸਿੰਘ ਸਿਆਲਕਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਸੱਜਣ ਸਿੰਘ ਬੱਜੂਮਾਨ, ਸ. ਗੁਰਨਾਮ ਸਿੰਘ ਜੱਸਲ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਵੀ ਮੌਜੂਦ ਸਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਫਾਰਗ ਮੁਲਾਜ਼ਮਾਂ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਇਕ ਸਬ-ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੀਆਂ ਸਿਫਾਰਸ਼ਾਂ ਅਨੁਸਾਰ ਇਨ੍ਹਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਸੇਵਾ ਪਹਿਲਾਂ ਵਾਲੇ ਸਥਾਨਾਂ ‘ਤੇ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਵਿਚ ਬਿਲਮੁਕਤਾ, ਕੰਟਰੈਕਟ ਅਤੇ ਦਿਹਾੜੀ ਵਾਲੇ ਮੁਲਾਜ਼ਮ ਸ਼ਾਮਲ ਹਨ ਅਤੇ ਸਾਰੇ ਮੁਲਾਜ਼ਮਾਂ ਦੀ ਸੇਵਾ ਤੋਂ ਬਾਹਰ ਰਹਿਣ ਦੇ ਸਮੇਂ ਨੂੰ ਬਿਨਾਂ ਤਨਖਾਹ ਛੁੱਟੀ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਹਿਰੀਲੀ ਚੀਜ ਨਿਗਲਣ ਵਾਲੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਇਲਾਜ ਅਧੀਨ ਸਰਹੁਸਨ ਸਿੰਘ ਦਾ ਦੇ ਇਲਾਜ ‘ਤੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਨੂੰ ਉਸ ਦਾ ਬਿਹਤਰ ਇਲਾਜ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਰੇ ਇਲਾਜ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।