ਅੰਮ੍ਰਿਤਸਰ 16 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਹਰਿਆਣਾ ਰਾਜ ਅੰਦਰ ਸਥਿਤ ਕਿਲ੍ਹਾ ਲੋਹਗੜ੍ਹ ਨੂੰ ਸਿੱਖ ਰਾਜ ਦੀ ਸਭ ਤੋਂ  ਪਹਿਲੀ ਰਾਜਧਾਨੀ ਸਥਾਪਿਤ ਕਰਨ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਹਰ ਸਾਲ ਖਾਲਸਾਈ ਸ਼ਾਨ-ਓ-ਸ਼ੌਕਤ ਨਾਲ ਮਨਾਇਆ ਕਰੇਗੀ।

ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਮਹਾਨਾਇਕ ਹੈ ਜਿਸਨੇ ਜ਼ਾਲਮ ਮੁਗਲ ਰਾਜ ਨੂੰ ਭਾਰੀ ਹਾਰ ਦੇ ਕੇ ਸਿੱਖ ਰਾਜ ਸਥਾਪਤ ਕਰਕੇ ਕਿਲ੍ਹਾ ਲੋਹਗੜ੍ਹ ਨੂੰ ਇਸਦੀ ਪਹਿਲੀ ਰਾਜਧਾਨੀ ਬਣਾਇਆ ਸੀ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਹਾਲ ਹੀ ਵਿਚ ਹਰਿਆਣਾ ਸੂਬੇ ਅੰਦਰ ਸਥਿਤ ਇਤਿਹਾਸਕ ਅਸਥਾਨਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਿੱਖ ਇਤਿਹਾਸ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸਦੇ ਇਤਿਹਾਸ ਨੂੰ ਸੰਗਤ ਅਤੇ ਖਾਸਕਰ ਨੌਜੁਆਨਾਂ ਤਕ ਪਹੁੰਚਾਉਣ ਦੀ ਵੱਡੀ ਲੋੜ ਹੈ।

ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹਰਿਆਣਾ ਰਾਜ ਵਿਚ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਅਤੇ ਸਿੱਖ ਸੱਭਿਆਚਾਰ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਅੰਦਰ ਚੱਲ ਰਹੇ ਸਕੂਲ/ਕਾਲਜ ਉਥੋਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੇ ਕਾਲਜਾਂ ਅੰਦਰ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਹੀ ਹਰਿਆਣਾ ਰਾਜ ਅੰਦਰ ਸਥਿਤ ਕਾਲਜਾਂ ਵਿਚ ਵੀ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਮਾਰਚ ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਰਵਾਏ ਜਾ ਰਹੇ ਖਾਲਸਾਈ ਸੱਭਿਆਚਾਰਕ ਉਤਸਵ ਵਿਚ ਵੀ ਹਰਿਆਣਾ ਦੇ ਵਿਦਿਅਕ ਅਦਾਰਿਆਂ ਵਿਚੋਂ ਵਿਦਿਆਰਥੀ ਭਾਗ ਲੈਣ ਲਈ ਪੁੱਜਣਗੇ, ਜਿਨ੍ਹਾਂ ਦੀ ਤਿਆਰੀ ਲਈ ਕਾਲਜਾਂ ਦੇ ਅਧਿਆਪਕ ਵਿਸ਼ੇਸ਼ ਰੁਚੀ ਲੈ ਰਹੇ ਹਨ।