ਸਟੇਟ ਗੁਰਦੁਆਰਾ ਸਾਹਿਬ (ਕਪੂਰਥਲਾ)

ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਇਹ ਗੁਰਦੁਆਰਾ ਕਪੂਰਥਲਾ ਸਟੇਟ (ਰਿਆਸਤ) ਨਾਲ ਸਬੰਧਤ ਹੈ। ਆਹਲੂਵਾਲੀਆ ਮਿਸਲ ਦੇ ਸਿਰਦਾਰ ਜੱਸਾ ਸਿੰਘ ਨੇ 1780 ਈ: ਰਿਆਸਤ ਕਪੂਰਥਲਾ ‘ਤੇ ਕਬਜ਼ਾ ਕਰਕੇ, ਕਪੂਰਥਲਾ ਨੂੰ ਰਾਜਧਾਨੀ ਬਣਾਇਆ। 26 ਅਕਤੂਬਰ 1872 ਈ: ਵਿਚ ਮਹਾਰਾਜਾ ਜਗਜੀਤ ਸਿੰਘ ਰਿਆਸਤ ਕਪੂਰਥਲਾ ਦੇ ਰਾਜ ਸਿੰਘਾਸਨ ‘ਤੇ ਬੈਠੇ। ਮਹਾਰਾਜਾ ਰਣਜੀਤ ਸਿੰਘ ਨੂੰ ਵਿੱਦਿਆ, ਕਲਾ ਤੇ ਭਵਨ ਨਿਰਮਾਣ ਕਲਾ ਵਿਚ ਵਿਸ਼ੇਸ਼ ਰੁਚੀ ਸੀ। ਇਸ ਕਰਕੇ ਉਨ੍ਹਾਂ ਨੇ ਰਿਆਸਤ ਕਪੂਰਥਲਾ ਵਿਚ ਬਹੁਤ ਸਾਰੇ ਭਵਨਾਂ ਦਾ ਨਿਰਮਾਣ ਕਰਵਾਇਆ, ਤੇ ਬਾਗ-ਬਗੀਚੇ ਲਗਵਾਏ। ਸਟੇਟ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਵੀ ਮਹਾਰਾਜਾ ਜਗਜੀਤ ਸਿੰਘ ਦੀ ਭਵਨ ਕਲਾ ਦੇ ਪਿਆਰ ਨੂੰ ਪ੍ਰਗਟ ਕਰਦੀ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਾਰਜ ਉਨ੍ਹਾਂ ਖਾਸ ਰੁਚੀ ਲੈ ਕੇ ਕਰਵਾਇਆ। ਰਿਆਸਤੀ ਗੁਰਦੁਆਰਾ ਹੋਣ ਕਰਕੇ ਪਹਿਲਾਂ ਪ੍ਰਬੰਧ ਰਿਆਸਤ ਕਪੂਰਥਲਾ ਹੀ ਕਰਦੀ ਸੀ। ਪੈਪਸੂ ਦੇ ਬਣਨ ‘ਤੇ ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਆਇਆ। ਇਸ ਗੁਰਦੁਆਰਾ ਸਾਹਿਬ ਵਿਖੇ ਯਾਤਰੂਆਂ ਦੀ ਟਹਿਲ-ਸੇਵਾ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ ਪੰਜ ਕਮਰੇ ਬਣੇ ਹੋਏ ਹਨ। ਇਸ ਗੁਰੂ-ਘਰ ਵਿਖੇ, ਪਹਿਲੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਸਟੇਟ ਗੁਰਦੁਆਰਾ ਕਪੂਰਥਲਾ ਸ਼ਹਿਰ ਵਿਚ ਸਥਿਤ ਹੈ ਜੋ ਕਪੂਰਥਲਾ ਰੇਲਵੇ ਸਟੇਸ਼ਨ ਤੋਂ 1½ ਕਿਲੋਮੀਟਰ ਅਤੇ ਬੱਸ ਸਟੈਂਡ ਕਪੂਰਥਲਾ ਤੋਂ ਕੇਵਲ ½ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਵਧੇਰੇ ਜਾਣਕਾਰੀ 01822-32272 ਫ਼ੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.