ਅੰਮ੍ਰਿਤਸਰ, 14 ਸਤੰਬਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸਤਿਕਾਰ ਕਮੇਟੀਆਂ ਦੀ ਅੜ੍ਹੀ ਨੂੰ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਆਈਆਂ ਕੁਝ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਸਮੇਤ ਹੋਰ ਅਧਿਕਾਰੀਆਂ ਵੱਲੋਂ ਇਕੱਤਰਤਾ ਕੀਤੀ ਗਈ, ਪਰੰਤੂ ਉਨ੍ਹਾਂ ਦੀ ਬੇਵਜ੍ਹਾ ਅੜੀ ਕਾਰਨ ਗੱਲਬਾਤ ਸਿਰੇ ਨਾ ਚੜ੍ਹੀ। ਸਤਿਕਾਰ ਕਮੇਟੀਆਂ ਵੱਲੋਂ ਰੱਖੀਆਂ ਗਈਆਂ 9 ਮੰਗਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ ਸਹਿਮਤੀ ਦੇਣ ਮਗਰੋਂ ਵੀ ਉਹ ਧਰਨਾ ਲਗਾਉਣ ਲਈ ਬਜਿੱਦ ਰਹੀਆਂ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ ਅਨੁਸਾਰ ਧਰਨਾਕਾਰੀਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀਆਂ 9 ਮੰਗਾਂ ਰੱਖੀਆਂ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਲਗਭਗ ਮੰਨ ਲਈਆਂ ਗਈਆਂ ਸਨ, ਪਰੰਤੂ ਉਹ ਜਾਣਬੁਝ ਕੇ ਧਰਨਾ ਲਗਾਉਣ ਲਈ ਬੇਜਿੱਦ ਰਹੇ। ਉਨ੍ਹਾਂ ਕਿਹਾ ਕਿ ਧਰਨਾ ਲਗਾਉਣ ਆਏ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੀ ਬੇਨਤੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਨਕਾਰ ਕੇ ਚੰਗਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸਖ਼ਤ ਹੈ ਅਤੇ ਕਿਸੇ ਵੀ ਦੋਸ਼ੀ ਦੇ ਹੱਕ ਵਿਚ ਨਹੀਂ ਹੈ। ਜਾਂਚ ਰਿਪੋਰਟ ਅਨੁਸਾਰ ਅੰਤ੍ਰਿੰਗ ਕਮੇਟੀ ਦੇ ਫੈਸਲੇ ਦੀ ਰੌਸ਼ਨੀ ਵਿਚ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਰੜੀ ਕਾਰਵਾਈ ਕੀਤੀ ਗਈ ਹੈ। ਫਿਰ ਵੀ ਸ਼੍ਰੋਮਣੀ ਕਮੇਟੀ ਹਰ ਇਕ ਦੇ ਵਿਚਾਰਾਂ ਦੀ ਕਦਰ ਕਰਦੀ ਹੈ। ਇਸੇ ਤਹਿਤ ਹੀ ਸਤਿਕਾਰ ਕਮੇਟੀਆਂ ਦੀ ਗੱਲ ਬੜੇ ਸਤਿਕਾਰ ਨਾਲ ਸੁਣੀ ਗਈ ਹੈ, ਪਰੰਤੂ ਉਹ ਬਿਨਾ ਕਿਸੇ ਠੋਸ ਕਾਰਨ ਦੇ ਹੀ ਗੁਰੂ ਘਰ ਦੇ ਸਨਮੁਖ ਧਰਨਾ ਲਗਾਉਣ ’ਤੇ ਅੜ੍ਹੇ ਹੋਏ ਹਨ। ਉਨ੍ਹਾਂ ਦੀ ਇਸ ਕਾਰਵਾਈ ਨਾਲ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਸ਼ਰਧਾ ਨੂੰ ਵੀ ਠੇਸ ਪੁੱਜ ਰਹੀ ਹੈ। ਭਾਈ ਮਹਿਤਾ ਨੇ ਆਖਿਆ ਕਿ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਦਾ ਗੱਲਬਾਤ ਦੌਰਾਨ ਕਿਸੇ ਵੀ ਸਹਿਮਤੀ ਤੱਕ ਨਾ ਜਾਣ ਦਾ ਮਤਲਬ ਇਹ ਨਿਕਲਦਾ ਹੈ ਕਿ ਉਹ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਜਾਣਬੁਝ ਕੇ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਇਸੇ ਕਾਰਨ ਹੀ ਮਾਮਲੇ ਨੂੰ ਤੂਲ ਦੇ ਰਹੇ ਹਨ। ਉਨ੍ਹਾਂ ਦਾ ਮੰਤਵ ਹਰਗਿਜ ਇਹ ਨਹੀਂ ਹੈ ਕਿ ਇਸ ਮਾਮਲੇ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ।
ਭਾਈ ਮਹਿਤਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਇਸ ਤਰ੍ਹਾਂ ਧਰਨੇ ਲਗਾਉਣੇ ਗੁਰੂ ਘਰ ਦੀ ਮਾਣ-ਮਰਯਾਦਾ ਦੀ ਉਲੰਘਣਾ ਹੈ। ਧਰਨਾਕਾਰੀ ਇਹ ਭੁੱਲ ਰਹੇ ਹਨ ਕਿ ਇਹ ਅਧਿਆਤਮਿਕ ਕੇਂਦਰ ਹੈ, ਜਿਥੇ ਸੰਗਤਾਂ ਸ਼ਰਧਾ ਨਾਲ ਪੁੱਜਦੀਆਂ ਹਨ। ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਧਰਨੇ ਲਗਾ ਕੇ ਠੇਸ ਪਹੁੰਚਾਉਣੀ ਸਿਆਣਪ ਨਹੀਂ ਹੈ।