ਅੰਮ੍ਰਿਤਸਰ : 28 ਮਈ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਭਾਨੀ ਨੇਤਰਹੀਣ ਵਿਦਿਆਲਾ ਸੰਨ੍ਹ ਸਾਹਿਬ ਰੋਡ ਛੇਹਰਟਾ ਵਿਚ ੧੭ ਨੇਤਰਹੀਣ ਲੜਕੀਆਂ ਤੇ ਕਰਮਚਾਰੀਆਂ ਨੂੰ ੨੫ ਹਜ਼ਾਰ ਰੁਪਏ ਮਹੀਨਾ ਸਹਾਇਤਾ ਵਜੋਂ ਦੇਵੇਗੀ। ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਹੋਈ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਮਹੱਤਵਪੂਰਨ ਫੈਸਲੇ ਲਏ ਗਏ। ਉਨ੍ਹਾਂ ਕਿਹਾ ਕਿ ਛੇਹਰਟਾ ਵਿਖੇ ਚੱਲ ਰਹੇ ਬੀਬੀ ਭਾਨੀ ਨੇਤਰਹੀਣ ਵਿਦਿਆਲਾ ਵਿਚੋਂ ੧੭ ਤੋਂ ਵੱਧ ਲੜਕੀਆਂ ਹਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੨੫ ਹਜ਼ਾਰ ਰੁਪਏ ਮਾਸਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜਰਗ ਵਿਖੇ ਨਨਕਾਣਾ ਸਾਹਿਬ ਦੇ ਦੋ ਸ਼ਹੀਦਾਂ ਭਾਈ ਕੇਹਰ ਸਿੰਘ ਤੇ ਭਾਈ ਦਰਬਾਰਾ ਸਿੰਘ ਦੇ ਨਾਮ ‘ਤੇ ਨਰਸਿੰਗ ਕਾਲਜ ਬਣਾਇਆ ਜਾਵੇਗਾ ਅਤੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਚਿੱਤਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸ. ਬੇਦੀ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਜੋ ੧੯੮੪ ਵਿਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਸਮੇਂ ਗੋਲਾਬਾਰੀ ਦਾ ਸ਼ਿਕਾਰ ਹੋਇਆ ਸੀ ਤੇ ਇਸਦੀ ਬਿਲਡਿੰਗ ਨੂੰ ਭਾਰੀ ਨੁਕਸਾਨ ਪੁੱਜਾ ਸੀ। ਇਸ ਸਬੰਧੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ ਪਰ ਇਸਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਹੋਏ ਹਮਲੇ ਦੇ ਨਿਸ਼ਾਨਾਂ ਨੂੰ ਇਕ ਵਿਧੀਵਤ ਢੰਗ ਰਾਹੀਂ ਸੰਭਾਲ ਕੇ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦੇ ਰੰਗ ਰੋਗਨ ਤੇ ਮੁਰੰਮਤ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਜੋ ੨-੪ ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।