ਕੌਮ ਇਕੱਜੁੱਟ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕੇ
5ਅੰਮ੍ਰਿਤਸਰ : ੮ ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ। ਜਿਸ ਵਿੱਚ ਮੌਜੂਦਾ ਕੌਮੀ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਇਕੱਤਰਤਾ ਵਿੱਚ ਕੁਝ ਜਥੇਬੰਦੀਆਂ ਵੱਲੋਂ ੧੦ ਨਵੰਬਰ ਨੂੰ ਕੀਤੇ ਜਾ ਰਹੇ ਇਕੱਠ ਸਬੰਧੀ ਵੀ ਦੀਰਘਤਾ ਨਾਲ ਵਿਚਾਰ ਚਰਚਾ ਹੋਈ। ਜਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਥਕ ਰਵਾਇਤਾਂ ਅਨੁਸਾਰ ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਇਕ ਦੋ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਦੇ ਨਾਂਅ ਹੇਠ ਇਕੱਠ ਕੀਤੇ ਜਾਣ ਤੇ ਭਵਿੱਖ ‘ਚ ਵਖਰੇਵੇਂ ਪੈਦਾ ਹੋਣ ਦੀ ਸੰਭਾਵਨਾ ਜਤਾਉਂਦਿਆਂ ਕਿਹਾ ਕਿ ਸਰਬੱਤ ਖਾਲਸਾ ਸਿੱਖਾਂ ਦੀ ਇਤਿਹਾਸਕ ਪ੍ਰੰਪਰਾ ਦਾ ਅਹਿਮ ਹਿੱਸਾ ਹੈ, ਜਿਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾਅ ਕੇ ਰੱਖਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਨੂੰ ਖਤਮ ਕਰਨ ਲਈ ਉਸ ਦੇ ਸਿਧਾਂਤ, ਕੇਂਦਰੀ ਵਿਚਾਰਧਾਰਾ ਨੂੰ ਕੌਮੀ ਸਿਧਾਂਤ ਨਾਲੋਂ ਨਿਖੇੜਣਾ ਅਤਿ ਦੁੱਖਦਾਈ ਤੇ ਘਾਤਕ ਹੁੰਦਾ ਹੈ।ਉਨ੍ਹਾਂ ਕਿਹਾ ਕਿ ਨੀਤੀਆਂ ਨੂੰ ਸੋਧ ਕੇ ਹਾਲਾਤ ਨੂੰ ਸਾਜ਼ਗਾਰ ਬਣਾਇਆ ਜਾ ਸਕਦਾ ਹੈ। ਕੋਈ ਅਜਿਹੀ ਕਠਿਨ ਤੋਂ ਕਠਿਨ ਸਮੱਸਿਆ ਨਹੀਂ ਹੁੰਦੀ, ਜਿਸ ਦਾ ਹੱਲ ਨਾ ਲੱਭਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਯੂਸੀਆਂ ਗੁਰੂ ਭਰੋਸੇ ਮੁਸਕਾਣਾਂ ‘ਚ ਬਦਲਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਸੀ ਮੱਤਭੇਦ ਦੂਰ ਕਰਕੇ ਏਕਤਾ, ਇਤਫਾਕ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਘੋਰ ਬੇਅਦਬੀ ਨੂੰ ਰੋਕਿਆ ਜਾਵੇ ਨਾ ਕਿ ਵੱਖ-ਵੱਖ ਹੋ ਕੇ ਧੜੇਬੰਦੀਆਂ ਨਾਲ ਕੋਈ ਪ੍ਰੋਗਰਾਮ ਉਲੀਕੇ ਜਾਣ । ਉਨ੍ਹਾਂ ਕਿਹਾ ਕਿ ਜੋ ਕੌਮ ਆਪਸ ਵਿੱਚ ਉਲਝਦੀ ਰਹਿੰਦੀ ਹੈ ਉਸ ਦਾ ਭਵਿੱਖ ਉੱਜਵਲ ਨਹੀਂ ਰਹਿ ਸਕਦਾ ਅਤੇ ਮਾਣ-ਤਾਣ ਕਰਨ ਵਾਲਾ ਕੋਈ ਗੌਰਵ ਵੀ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸਰ ਬੁਲੰਦ ਖੜ੍ਹੀ ਦਿੱਸਣ ਲਈ ਕੌਮ ਦਾ ਇਕੱਜੁੱਟ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਿੱਖਾਂ ਦੀ ਪੁਰਾਤਨ ਰਵਾਇਤ ਹੈ, ਜਿਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ, ਪਰ ਇਸ ਲਈ ਪੰਥ ਅੰਦਰ ਸਾਂਝੀ ਰਾਏ ਨਾਲ ਪਹਿਲਾਂ ਵਿਧੀ ਵਿਧਾਨ ਤੇ ਰੂਪ-ਰੇਖਾ ਤੈਅ ਕਰਦਿਆਂ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ‘ਚ ਜਦੋਂ ਕੌਮ ਔਕੜਾਂ ਨਾਲ ਭਿੜ ਰਹੀ ਹੈ ਤਾਂ ਅਜਿਹੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੋਂ ਪਰ੍ਹੇ ਸਰਬੱਤ ਖਾਲਸਾ ਦੇ ਨਾਂਅ ਹੇਠ ਹੋਣ ਵਾਲਾ ਇਕੱਠ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਵਿਗਾੜੇਗਾ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਬੇਸ਼ਕੀਮਤੀ ਪ੍ਰੰਪਰਾਵਾਂ ਤੋਂ ਪਰ੍ਹੇ ਮਨਮਰਜ਼ੀ ਦੇ ਇਕੱਠ ਸਰਬੱਤ ਖਾਲਸਾ ਦੇ ਸਿਧਾਂਤ ਨੂੰ ਬੌਣਿਆਂ ਕਰ ਦੇਣਗੇ ਤੇ ੧੦ ਨਵੰਬਰ ਦੇ ਇਕੱਠ ਵਾਂਗ ਜਦੋਂ ਮਰਜ਼ੀ ਹੋਰ ਧਿਰ ਵੀ ਆਪਣੀ ਲੋੜ ਮੁਤਾਬਿਕ ਸੱਦੇ ਇਕੱਠ ਨੂੰ ਸਰਬੱਤ ਖਾਲਸਾ ਦਾ ਨਾਂਅ ਦੇਣ ਲੱਗ ਜਾਵੇਗੀ। ਉਨ੍ਹਾਂ ਕਿਹਾ ਸਿੱਖ ਕੌਮ ਦੀ ਇਹੋ ਤਰਾਸਦੀ ਹੈ ਕਿ ਜਦ ਵੀ ਕੌਮ ਤੇ ਭੀੜ ਬਣਦੀ ਹੈ ਤਾਂ ਇਹ ਜਜਬਾਤੀ ਹੋ ਕੇ ਇੱਕ ਦੂਸਰੇ ਤੇ ਦੋਸ਼ ਮੜ੍ਹ ਕੇ ਆਪਸ ਵਿੱਚ ਟਕਰਾ ਪੈਦਾ ਕਰ ਲੈਂਦੀ ਹੈ। ਜਿਸਦਾ ਫਾਇਦਾ ਦੁਸ਼ਮਣ ਤਾਕਤਾਂ ਲੈ ਜਾਂਦੀਆਂ ਹਨ ਤੇ ਸਾਰੀ ਕੌਮ ਦਾ ਤਮਾਸ਼ਾ ਬਣ ਜਾਂਦਾ ਹੈ। ਸਗੋਂ ਇਨ੍ਹਾਂ ਸਮਿਆਂ ਵਿੱਚ ਹਰ ਇਕ ਨੂੰ ਆਪਣੀ ਹਉਮੈ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇਕੱਤਰ ਹੋਣ ਦੀ ਸਖ਼ਤ ਜਰੂਰਤ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਥਕ ਸੰਸਥਾਵਾਂ ਦਾ ਸਰੂਪ ਬਰਕਰਾਰ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਆਪਸੀ ਤਾਲਮੇਲ ਵੀ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਹਾੜਾ (ਦੀਵਾਲੀ) ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ। ਕੇਵਲ ਤਿੱਖੀ ਰੌਸ਼ਨੀ ਵਾਲੀ ਦੀਪਮਾਲਾ ਨਹੀਂ ਹੋਵੇਗੀ ਤੇ ਨਾ ਹੀ ਆਤਿਸ਼ਬਾਜੀ ਚੱਲੇਗੀ। ਉਨ੍ਹਾਂ ਕਿਹਾ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਅਗਾਉਂ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬੰਦੀ ਛੋੜ-ਦਿਵਸ (ਦੀਵਾਲੀ) ਮੌਕੇ ਵੱਧ ਤੋਂ ਵੱਧ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ।
ਉਨ੍ਹਾਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਸ੍ਰ: ਗੁਰਬਚਨ ਸਿੰਘ ਕਰਮੂੰਵਾਲਾ, ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਅਲਵਿੰਦਰਪਾਲ ਸਿੰਘ ਪੱਖੋਕੇ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਭਾਈ ਮਨਜੀਤ ਸਿੰਘ, ਸ੍ਰ: ਗੁਰਿੰਦਰਪਾਲ ਸਿੰਘ ਰਣੀਕੇ, ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਬੁੰਡਾਲਾ, ਸ੍ਰ: ਮਗਵਿੰਦਰ ਸਿੰਘ ਖਾਪੜਖੇੜੀ, ਸ੍ਰ: ਹਰਜਾਪ ਸਿੰਘ ਸੁਲਤਾਨਵਿੰਡ, ਸ੍ਰ: ਬਲਵਿੰਦਰ ਸਿੰਘ ਕੋਟਲਾ, ਸ੍ਰ: ਬਾਵਾ ਸਿੰਘ ਗੁਮਾਨਪੁਰਾ, ਸ੍ਰ: ਹਰਦਿਆਲ ਸਿੰਘ ਸੁਰਸਿੰਘ, ਬੀਬੀ ਹਰਜਿੰਦਰ ਕੌਰ, ਸ੍ਰ: ਗੁਰਨਾਮ ਸਿੰਘ ਜੱਸਲ, ਸ੍ਰ: ਸੱਜਣ ਸਿੰਘ ਬੱਜੂਮਾਨ, ਸ੍ਰ: ਅਮਰੀਕ ਸਿੰਘ ਵਿਛੋਆ, ਸ੍ਰ: ਬਲਵਿੰਦਰ ਸਿੰਘ ਵੇਈਂਪੂਈ, ਸ੍ਰ: ਅਮਰਜੀਤ ਸਿੰਘ ਭਲਾਈਪੁਰ (ਸਾਰੇ ਮੈਂਬਰ) ਸ਼੍ਰੋਮਣੀ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਡਾ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ, ਸ੍ਰ: ਰਜਿੰਦਰ ਸਿੰਘ ਮੈਨੇਜਰ, ਸ੍ਰ: ਪਰਮਜੀਤ ਸਿੰਘ, ਸ੍ਰ: ਮੁਖਤਾਰ ਸਿੰਘ ਮੈਨੇਜਰ, ਸ੍ਰ: ਜਤਿੰਦਰ ਸਿੰਘ ਵਧੀਕ ਮੈਨੇਜਰ ਆਦਿ ਮੌਜੂਦ ਸਨ।