ਅੰਮ੍ਰਿਤਸਰ : 14 ਮਈ (     ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਸਾਕਾ ਨੀਲਾ ਤਾਰਾ ਨਾਲ ਜੁੜੇ ਦੁਰਲੱਭ ਖਰੜੇ ਅਤੇ ਕਲਾਕ੍ਰਿਤਾਂ ਜੋ ਫੌਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੈਰੀ ਤੋਂ ਲੈ ਗਈ ਸੀ ਨੂੰ ਭਾਰਤ ਸਰਕਾਰ ਕੋਲੋਂ ਵਾਪਸ ਲਿਆਉਣ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਨਾਲ ਜੁੜੇ ਦੁਰਲੱਭ ਖਰੜੇ ਤੇ ਕਲਾਕ੍ਰਿਤਾਂ ਇਤਿਹਾਸਕ ਤੇ ਧਾਰਮਿਕ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ੫੧੨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, ੧੨੬੧੩ ਦੁਰਲੱਭ ਹੱਥ ਲਿਖਤ ਪੁਸਤਕਾਂ, ਖਰੜੇ ਤੇ ਗੁਰਬਾਣੀ ਦੀਆਂ ਪੋਥੀਆਂ ਸਨ। ਜਿਨ੍ਹਾਂ ‘ਚੋਂ ਸੀ ਬੀ ਆਈ ਨੇ ਕੇਵਲ ੭੫ ਵਾਪਸ ਕੀਤੀਆਂ ਹਨ ਤੇ ੩ ਰਜਿਸਟਰ ਵਾਪਸ ਕੀਤੇ ਹਨ, ਇਸ ਤੋਂ ਸਿਵਾ ਬਾਕੀ ਕੁਝ ਵੀ ਵਾਪਸ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਬਾਰ-ਬਾਰ ਭਾਰਤ ਦੇ ਰਾਸ਼ਟਰਪਤੀ ਤੇ ਡਿਫੈਂਸ ਮਨਿਸਟਰ ਨੂੰ ਮਿਲ ਕੇ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ ਅਤੇ ਨਿਰੰਤਰ ਚਿੱਠੀ ਪੱਤਰ ਵੀ ਲਿਖੇ ਜਾ ਚੁੱਕੇ ਹਨ, ਪਰ ਅਜੇ ਤੱਕ ਕੁਝ ਨਹੀਂ ਮਿਲਿਆ ਹੈ । ਉੇਨ੍ਹਾਂ ਕਿਹਾ ਕਿ ਇਹ ਦੁਰਲੱਭ ਖਰੜੇ ਅਤੇ ਕਲਾਕ੍ਰਿਤੀਆਂ ਸਿੱਖ ਕੌਮ ਦਾ ਇਕ ਮਹੱਤਵਪੂਰਨ ਅੰਗ ਹਨ ਅਤੇ ਸਿੱਖ ਪੰਥ ਲਈ ਬੇਸ਼ੁਮਾਰ ਕੀਮਤੀ ਹਨ, ਜਿਸ ਨਾਲ ਸਮੁੱਚੀ ਕੌਮ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਦੁਰਲੱਭ ਵਸਤੂਆਂ ਤੇ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ਲਈ ਉਪਰਾਲਾ ਕਰਨਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕੌਮ ਦਾ ਇਹ ਦੁਰਲੱਭ ਸਰਮਾਇਆ ਜੇ ਭਾਰਤ ਸਰਕਾਰ ਕੋਲੋਂ ਮਿਲ ਜਾਂਦਾ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਇਕ ਵਾਰ ਫਿਰ ਸੁਸ਼ੋਭਿਤ ਹੋ ਜਾਂਦਾ ਹੈ ਤਾਂ ਇਹ ਇਕ ਬਹੁਤ ਹੀ ਮਹੱਤਵਪੂਰਨ ਕਾਰਜ ਹੋਵੇਗਾ।