ਸ.ਹਰਚਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
27-08-2015-1ਅੰਮ੍ਰਿਤਸਰ ੨੭ ਅਗਸਤ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੀ ਅਗਵਾਈ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਤਿੰਗ ਕਮੇਟੀ ਦੀ ਇਕੱਤਰਤਾ ਵਿੱਚ ਹੋਏ ਫੈਸਲੇ ਅਨੁਸਾਰ ਸ. ਹਰਚਰਨ ਸਿੰਘ ਨੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਉਨ੍ਹਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਅਤੇ ਨਿਯੁਕਤੀ ਪੱਤਰ ਦੇ ਕੇ ਮੁੱਖ ਸਕੱਤਰ ਦੀ ਕੁਰਸੀ ‘ਤੇ ਬੈਠਾਇਆ।ਉਪਰੰਤ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਅੰਤ੍ਰਿੰਗ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਅਹੁਦੇ ਨੂੰ ਪ੍ਰਵਾਨਗੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਡਾ.ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਇਨ੍ਹਾਂ ਕੋਲ ਪੁਰਾਣਾ ਤਜ਼ਰਬਾ ਹੈ ਤੇ ਇਹ ਸਾਰੇ ਹੀ ਛੋਟੇ ਅਹੁਦਿਆਂ ਤੋਂ ਇਸ ਅਹੁਦੇ ਤੇ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਅੱਜ ਸਾਰੇ ਹੀ ਇਨ੍ਹਾਂ ਸਕੱਤਰਾਂ ਨੇ ਯਕੀਨ ਦਵਾਇਆ ਹੈ ਕਿ ਉਹ ਸ. ਹਰਚਰਨ ਸਿੰਘ ਨਾਲ ਮਿਲ ਕੇ ਇਕ ਟੀਮ ਵਾਂਗ ਸੰਸਥਾ ਦੀ ਬੇਹਤਰੀ ਲਈ ਕੰਮ ਕਰਨਗੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ. ਹਰਚਰਨ ਸਿੰਘ ਕੋਲ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਬਹੁਤ ਵੱਡਾ ਤਜ਼ਰਬਾ ਹੈ ਤੇ ਇਹ ਆਪਣੇ ਤਜ਼ਰਬੇ ਦੇ ਆਧਾਰ ਤੇ ਸੰਸਥਾ ਨੂੰ ਹੋਰ ਅੱਗੇ ਵਧਾਉਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ੧੦੦ ਤੋਂ ਜ਼ਿਆਦਾ ਸਕੂਲ/ਕਾਲਜ, ਯੂਨੀਵਰਸਿਟੀ ਆਦਿ ਵਿੱਦਿਅਕ ਅਦਾਰੇ ਚਲਾ ਰਹੀ ਹੈ।ਇਸ ਤੋਂ ਇਲਾਵਾ ਸੂਬੇ ਤੋਂ ਬਾਹਰ ਬਹੁਤ ਸਾਰੇ ਮਿਸ਼ਨ ਸਿੱਖੀ ਦੇ ਪ੍ਰਚਾਰ ਲਈ ਚੱਲ ਰਹੇ ਹਨ ਜਿਥੇ ਸੰਗਤਾਂ ਬਤੌਰ ਪ੍ਰਧਾਨ ਮੈਨੂੰ ਯਾਦ ਕਰਦੀਆਂ ਹਨ ਮੈਨੂੰ ਉਥੇ ਜਾਣਾ ਪੈਂਦਾ ਹੈ।ਇਸ ਲਈ ਸੰਸਥਾ ਦੇ ਕੰਮਕਾਜ ਨੂੰ ਮੁੱਖ ਰੱਖਦਿਆਂ ਮੁੱਖ ਸਕੱਤਰ ਲਗਾਉਣ ਦੀ ਜ਼ਰੂਰਤ ਸੀ।ਉਨ੍ਹਾਂ ਕਿਹਾ ਕਿ ਜਦੋਂ ਉਹ ਸੰਸਥਾ ਦੇ ਪ੍ਰਧਾਨ ਬਣੇ ਸਨ ਉਦੋਂ ਸੰਸਥਾ ਦਾ ਬਜਟ ੩੦੦ ਕਰੋੜ ਦੇ ਲਗਭਗ ਸੀ ਜੋ ਹੁਣ ਤਕਰੀਬਨ ੧੦੦੦ ਹਜ਼ਾਰ ਕਰੋੜ ਹੋ ਚੁੱਕਾ ਹੈ।ਸੁਭਾਵਿਕ ਹੈ ਕਿ ਸੰਸਥਾ ਦਾ ਕੰਮਕਾਜ ਵੀ ਉਸ ਮੁਤਾਬਿਕ ਬਹੁਤ ਵੱਧ ਗਿਆ ਹੈ।ਮੁੱਖ ਸਕੱਤਰ ਦੀ ਤਨਖਾਹ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾ ਅਜਿਹਾ ਅਦਾਰਾ ਹੈ ਜਿਹੜਾ ਛੇਵੇਂ ਪੇਅ ਕਮਿਸ਼ਨ ਮੁਤਾਬਿਕ ਆਪਣੇ ਅਧਿਕਾਰੀਆਂ ਨੂੰ ਤਨਖਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸੰਸਥਾ ਦੇ ਬਹੁਤ ਸਾਰੇ ਪ੍ਰਿੰਸੀਪਲਾਂ ਦੀ ਤਨਖਾਹ ਵੀ ਲੱਖ ਰੁਪਈਆ ਹੈ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਸਬੰਧੀ ਸੁਪਰੀਮ ਕੋਰਟ ਦੇ ਜੋ ਆਰਡਰ ਹਨ ਅੰਤਿੰ੍ਰਗ ਕਮੇਟੀ ਉਨ੍ਹਾਂ ਅਨੁਸਾਰ ਹੀ ਕੰਮ ਕਰ ਰਹੀ ਹੈ।ਜਿਥੋਂ ਤੱਕ ਵਿਰੋਧ ਦਾ ਸਵਾਲ ਹੈ ਤਾਂ ਇਹ ਕਈਆਂ ਦਾ ਸੁਭਾਅ ਬਣ ਚੁੱਕਾ ਹੈ ਕਿ ਅਸੀਂ ਕੋਈ ਵੀ ਕੰਮ ਕਰੀਏ ਵਿਰੋਧੀਆਂ ਨੇ ਉਸ ਦਾ ਵਿਰੋਧ ਹੀ ਕਰਨਾ ਹੈ, ਪਰ ਅਸੀ ਆਪ ਦੇ ਕੰਮਕਾਜ ਨਿਯਮਤ ਹੀ ਕਰ ਰਹੇ ਹਾਂ।ਪੰਜਾਬ ਵਿੱਚ ਸਿੱਖਾਂ ਦੀ ਘੱਟਦੀ ਗਿਣਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ, ਪਰ ਬਹੁਤ ਸਾਰੇ ਪੰਜਾਬ ਦੇ ਸਿੱਖ ਬੱਚਿਆਂ ਦਾ ਰੁਝਾਨ ਵਿਦੇਸ਼ਾਂ ਵੱਲ ਪੜ੍ਹਾਈ ਦਾ ਹੈ।ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਣ ਸਬੰਧੀ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਉਥੋਂ ਦੀ ਗੁਰਦੁਆਰਾ ਕਮੇਟੀ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਕਾਰ ਸੇਵਾ ਦਾ ਸੱਦਾ ਆਇਆ ਹੈ।ਇਸ ਸਬੰਧੀ ਜਲਦੀ ਹੀ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਪਾਕਿਸਤਾਨ ਜਾਣਗੇ।ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਦਿਨੋਂ-ਦਿਨ ਵਿਦਿਆਰਥੀਆਂ ਦਾ ਵਾਧਾ ਹੋ ਰਿਹਾ ਹੈ ਤੇ ਪਿਛਲੇ ਸਮੇਂ ਵਿੱਚ ਸਿੱਖ ਧਰਮ ਤੋਂ ਇਲਾਵਾ ਆਰੀਆ ਕਾਲਜ ਦੀਨਾਨਗਰ ਦੀ ਕ੍ਰਿਸ਼ਚੀਅਨ ਧਰਮ ਦੀ ਬੱਚੀ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਸ ਤੋਂ ਪਹਿਲਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਮੁੱਖ ਸਕੱਤਰ ਸ. ਹਰਚਰਨ ਸਿੰਘ, ਡਾ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸਮੇਤ ਵਧੀਕ ਸਕੱਤਰ, ਮੀਤ ਸਕੱਤਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰਾਂ ਨੇ ਇਕੱਤਰਤਾ ਵਿੱਚ ਹਿੱਸਾ ਲਿਆ ਅਤੇ ਸਾਰੇ ਹੀ ਅਧਿਕਾਰੀਆਂ ਨੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਦੀ ਬੇਹਤਰੀ ਲਈ ਕੰਮ ਕਰਨ ਦਾ ਵਿਸ਼ਵਾਸ਼ ਦਵਾਇਆ।