3ਅੰਮ੍ਰਿਤਸਰ : 14 ਮਾਰਚ (        ) ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਵੇਂ ਸਾਲ ਦਾ ਨਾਨਕਸ਼ਾਹੀ ੧ ਚੇਤ ਸੰਮਤ ੫੪੭ ( ੨੦੧੫-੧੬) ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਰੀਲੀਜ਼ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਹਥਲਾ ਕੈਲੰਡਰ ਜੋ ਪ੍ਰਕਾਸ਼ਿਤ ਕੀਤਾ ਗਿਆ ਹੈ ਇਹ ਕੇਵਲ ਸੰਮਤ ਨਾਨਕਸ਼ਾਹੀ ੫੪੭ ਭਾਵ ਇਸ ਸਾਲ ਵਾਸਤੇ ਹੀ ਹੈ। ਜਿਹੜੀ ੧੧ ਮੈਂਬਰੀ ਕਮੇਟੀ ਨਾਨਕਸ਼ਾਹੀ ਕੈਲੰਡਰ ਸਬੰਧੀ ਬਣਾਈ ਗਈ ਹੈ, ਉਹ ਸੰਗਤਾਂ ਪਾਸੋਂ ਸ਼ੁਝਾਅ ਤੇ ਵਿਚਾਰ ਪੱਤਰ ਕਰਕੇ ਰੀਪੋਰਟ ਦੇਵੇਗੀ। ਆਉਂਦੇ ਸਾਲ ਤੋਂ ਪਹਿਲਾਂ-ਪਹਿਲਾਂ ਕੈਲੰਡਰ ਦਾ ਸਥਾਈ ਹੱਲ ਕੱਢ ਲਿਆ ਜਾਵੇਗਾ ਜੋ ਸਮੁੱਚੀ ਕੌਮ ਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਸੰਗਤ ਅਰਪਣ ਹੋਇਆ ਕੈਲੰਡਰ ਕੇਵਲ ਇਕ ਸਾਲ ਵਾਸਤੇ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਨਾਨਕਸ਼ਾਹੀ ਕੈਲੰਡਰ ਬਾਰੇ ਜੋ ਭਰਮ ਭੁਲੇਖੇ ਪਾਏ ਜਾ ਰਹੇ ਨੇ ਉਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਹੰਗ ਸਿੰਘ ਤੇ ਵੱਖ-ਵੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਸਭਾ ਸੁਸਾਇਟੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਪੂਰੀ ਘੋਖ ਪੜਤਾਲ ਅਤੇ ਦੀਰਘ ਵਿਚਾਰ ਦੇ ਬਾਅਦ ਪੱਕੇ ਤੌਰ ਤੇ ਕੋਈ ਹੱਲ ਕੱਢ ਕੇ ਜੋ ਫੈਸਲਾ ਲਵੇਗੀ ਉਸ ਨੂੰ ਸਰਬ-ਸੰਮਤੀ ਨਾਲ ਪ੍ਰਵਾਨਿਤ ਕਰਕੇ ਅਗਲੇ ਸਾਲ ਦਾ ਕੈਲੰਡਰ ਤਿਆਰ ਕੀਤਾ ਜਾਵੇਗਾ । ਉਨ੍ਹਾਂ ਸਭ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਇਸ ਕਮੇਟੀ ਨੂੰ ਪੰਥਕ ਏਕਤਾ, ਇਤਫ਼ਾਕ ਅਤੇ ਚੜ੍ਹਦੀ ਕਲਾ ਲਈ ਪੂਰਾ-ਪੂਰਾ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਸੰਮਤ ੫੪੭ ਦਾ ਕੈਲੰਡਰ ਫਿਲਹਾਲ ਕੇਵਲ ਇਸ ਸਾਲ ਲਈ ਤਿਆਰ ਕੀਤਾ ਗਿਆ ਹੈ। ਸਮੁੱਚੀ ਸਿੱਖ ਸੰਗਤ ਆਪਣੇ ਦਿਨ-ਦਿਹਾੜੇ ਗੁਰਪੁਰਬ ਇਸ ਕੈਲੰਡਰ ਅਨੁਸਾਰ ਮਨਾਉਣ। ਸਥਾਈ ਹੱਲ, ਕਮੇਟੀ ਦੀ ਰੀਪੋਰਟ ਆਉਣ ਦੇ ਬਾਅਦ ਕੱਢ ਲਿਆ ਜਾਵੇਗਾ।
ਇਸ ਮੌਕੇ ਸ੍ਰ: ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਸ੍ਰ: ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ, ਸ੍ਰ: ਸਤਿੰਦਰ ਸਿੰਘ ਮੀਤ ਸਕੱਤਰ (ਨਿਜੀ ਸਹਾਇਕ), ਸ੍ਰ: ਬਿਜੈ ਸਿੰਘ ਮੀਤ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਸਿਮਰਜੀਤ ਸਿੰਘ ਇੰਚਾਰਜ ਗੁਰਮਤਿ ਪ੍ਰਕਾਸ਼, ਸ੍ਰ: ਸੁਖਦੇਵ ਸਿੰਘ ਇੰਚਾਰਜ ਆਦਿ ਹਾਜ਼ਰ ਸਨ।