ਦੋ ਰੋਜ਼ਾ ਤੀਸਰਾ ਖਾਲਸਾਈ ਸੱਭਿਆਚਾਰਕ ਉਤਸਵ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹੋਇਆ ਆਰੰਭ
ਸਿੱਖ ਸੱਭਿਆਚਾਰ ਦੀਆਂ ਵੰਨਗੀਆਂ ਦੀ ਵਿਦਿਆਰਥੀਆਂ ਵੱਲੋਂ ਸਫਲ ਪੇਸ਼ਕਾਰੀ

ਗੜ੍ਹਦੀਵਾਲਾ, ੨੧ ਮਾਰਚ (           ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੀਆਂ ਉਚੇਰੀ ਵਿਦਿਅਕ ਸੰਸਥਾਵਾਂ ਦਾ ਤੀਸਰਾ ਖਾਲਸਾਈ ਸੱਭਿਆਚਾਰਕ ਉਤਸਵ ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਆਰੰਭ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਦੋ ਰੋਜ਼ਾ ਉਤਸਵ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਭਾਈ ਗੁਰਚਰਨ ਸਿੰਘ ਗਰੇਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਮੈਂਬਰ ਸ਼੍ਰੋਮਣੀ ਕਮੇਟੀ ਸ. ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਸ. ਹਰਜਿੰਦਰ ਸਿੰਘ ਧਾਮੀ, ਸ. ਚਰਨਜੀਤ ਸਿੰਘ ਜੱਸੋਵਾਲ, ਬੀਬੀ ਰਣਜੀਤ ਕੌਰ ਮਾਹਲਪੁਰ ਤੇ ਸ. ਤਾਰਾ ਸਿੰਘ ਸੱਲ੍ਹਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਾਡੇ ਜੀਵਨ ਲਈ ਦਸਵੇਂ ਪਾਤਸ਼ਾਹ ਜੀ ਦਾ ਜੀਵਨ ਰਾਹ-ਦਸੇਰਾ ਹੈ। ਉਨ੍ਹਾਂ ਦੇ ਆਦਰਸ਼ਕ ਜੀਵਨ ਤੋਂ ਸਿੱਖ ਬੱਚਿਆਂ ਨੂੰ ਜਾਣੂੰ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੰਤਰ ਯਤਨਸ਼ੀਲ ਹੈ। ਇਸੇ ਤਹਿਤ ਹੀ ਇਸ ਖਾਲਸਾਈ ਸਭਿਆਚਾਰਕ ਉਤਸਵ ਦਾ ਆਯੋਜਨ ਕੀਤਾ ਗਿਆ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਇਸ ਸਮਾਗਮ ਵਿਚ ਗੁਰਮਤਿ ਸੱਭਿਆਚਾਰ ਨੂੰ ਵਿਦਿਆਰਥੀਆਂ ਅੰਦਰ ਦ੍ਰਿੜ੍ਹ ਕਰਵਾਉਣ ਲਈ ਬੱਚਿਆਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਨੇ ਸਿੱਖ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਹੈ। ਖਾਸਕਰ ਸਿੱਖ ਸੱਭਿਆਚਾਰ ਦੀਆਂ ਅਲੋਪ ਹੋ ਰਹੀਆਂ ਵੰਨਗੀਆਂ ਦੀ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਫਲ ਪੇਸ਼ਕਾਰੀ ਨੂੰ ਸਲਾਹੁੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਆਪਣੇ ਵਿਰਸੇ ਤੇ ਸਿੱਖ ਰਹਿਣੀ ਨਾਲ ਜੋੜਨ ਦੇ ਸੁਹਿਰਦ ਉਪਰਾਲੇ ਕੀਤੇ ਜਾਣ ਤਾਂ ਨਿਰਸੰਦੇਹ ਹੀ ਸਿੱਟੇ ਸਾਰਥਕ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ-ਜਾਚ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦਾ ਜੀਵਨ ਗੁਣਾਂ ਦਾ ਧਾਰਨੀ ਬਣਿਆ ਰਹੇ ਅਤੇ ਉਹ ਵਿਵਹਾਰਕ ਜੀਵਨ ਦੇ ਨਾਲ-ਨਾਲ ਨੈਤਿਕ ਤੇ ਅਧਿਆਤਮਕ ਪੱਖ ਤੋਂ ਵੀ ਮਜ਼ਬੂਤ ਹੋ ਸਕਣ। ਉਨ੍ਹਾਂ ਸਿੱਖ ਇਤਿਹਾਸ ਦੀ ਅਮੀਰੀ ਸਬੰਧੀ ਨੌਜੁਆਨਾਂ ਨਾਲ ਵਿਚਾਰਾਂ ਦੇ ਅਦਾਨ-ਪ੍ਰਦਾਨ ਦੀ ਜ਼ਰੂਰਤ ਨੂੰ ਅੱਜ ਦੀ ਵੱਡੀ ਲੋੜ ਦੱਸਦਿਆਂ ਕਿਹਾ ਕਿ ਅਕਾਦਮਿਕ ਵਿਦਿਆ ਦੇ ਨਾਲ-ਨਾਲ ਧਾਰਮਿਕ ਤੇ ਨੈਤਿਕ ਸਿੱਖਿਆ ਹੀ ਸੰਪੂਰਨ ਸ਼ਖਸੀਅਤ ਉਸਾਰੀ ਦਾ ਅਸਲ ਸੂਤਰ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਆਖਿਆ ਕਿ ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਪ੍ਰੇਰਨਾ ਦਾ ਸੋਮਾ ਹਨ ਜਿਨਾਂ ਤੋਂ ਬੱਚਿਆਂ ਤੇ ਨੌਜੁਆਨਾਂ ਨੂੰ ਜਾਣੂ ਕਰਵਾਉਣ ਲਈ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਤੇ ਮਾਪਿਆਂ ਨੂੰ ਸੰਯੁਕਤ ਉਪਰਾਲੇ ਕਰਨੇ ਬੇਹੱਦ ਲਾਜ਼ਮੀ ਹਨ।
ਇਸ ਤੋਂ ਪਹਿਲਾਂ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਵਿਦਿਆ ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਦੇ ਮਨੋਰਥ ਬਾਰੇ ਚਾਨਣਾ ਪਾਇਆ।
ਖਾਲਸਾਈ ਸੱਭਿਆਚਾਰਕ ਉਤਸਵ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ੩੬ ਕਾਲਜਾਂ ਦੇ ਤਕਰੀਬਨ ੧੨੦੦ ਵਿਦਿਆਰਥੀਆਂ ਨੇ ਵੱਖ-ਵੱਖ ਖਾਲਸਾਈ ਵੰਨਗੀਆਂ ਵਿਚ ਭਾਗ ਲਿਆ। ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਜਿਥੇ ਧਾਰਮਿਕ ਨਾਟਕਾਂ ਦਾ ਮੰਚਨ ਕੀਤਾ ਗਿਆ ਉਥੇ ਸ਼ਬਦ ਗਾਇਨ, ਤੰਤੀ ਸਾਜ਼ ਵਾਦਨ, ਤਬਲਾ ਵਾਦਕ, ਧਾਰਮਿਕ ਕਵਿਤਾ, ਨਿਬੰਧ ਲੇਖਨ, ਸਲੋਗਨ ਲੇਖਨ, ਚਿੱਤਰਕਾਰੀ, ਕਲਾਜ਼ ਮੇਕਿੰਗ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ ਤੇ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਡਾ. ਪਰਮਵੀਰ ਸਿੰਘ, ਸ. ਉਪਕਾਰ ਸਿੰਘ ਰੰਧਾਵਾ ਸਾਬਕਾ ਮੰਤਰੀ, ਡਾ. ਨਿਰਮਲ ਸਿੰਘ ਜੌੜਾ, ਡਾ. ਗੁਰਭਜਨ ਸਿੰਘ ਗਿੱਲ, ਜਥੇਦਾਰ ਰਜਿੰਦਰ ਸਿੰਘ ਨੰਗਲ, ਜਥੇਦਾਰ ਗੁਰਦੀਪ ਸਿੰਘ ਦਾਰਾਪੁਰ, ਸ੍ਰੀ ਤਿਲਕ ਰਾਜ, ਸ. ਫਕੀਰ ਸਿੰਘ ਸੋਹਤਾ, ਡਾ. ਗੁਰਚਰਨ ਸਿੰਘ ਲਾਂਬਾ, ਕਰਨਲ ਆਤਮਜੀਤ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਕਸ਼ਮੀਰ ਸਿੰਘ, ਡਾ. ਪ੍ਰੀਤਮਹਿੰਦਰਪਾਲ ਸਿੰਘ, ਡਾ. ਕੁਲਦੀਪ ਸਿੰਘ ਬੱਲ, ਬੀਬੀ ਨਵਜੋਤ ਕੌਰ, ਡਾ. ਜਤਿੰਦਰ ਕੌਰ, ਡਾ. ਸਾਹਿਬ ਸਿੰਘ, ਡਾ. ਗੁਰਵੀਰ ਸਿੰਘ ਡਾ. ਰਜਿੰਦਰ ਕੌਰ, ਡਾ. ਸਤਿੰਦਰ ਸਿੰਘ ਮਾਨ, ਵੱਡੀ ਗਿਣਤੀ ‘ਚ ਸਕੂਲਾਂ/ਕਾਲਜਾਂ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।