ਅੰਮ੍ਰਿਤਸਰ, ੧੭ ਜਨਵਰੀ- ਸੰਨ ੧੯੮੪ ਦਾ ਸਿੱਖ ਕਤਲੇਆਮ ਅਣਮਨੁੱਖੀ ਵਰਤਾਰੇ ਦਾ ਸਿਖ਼ਰ ਸੀ, ਜਿਸ ਨੇ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕੀਤਾ। ਕੇਂਦਰ ਵਿਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਵਾਉਣਾ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ਅੰਦਰ ਸਿੱਖ ਕਤਲੇਆਮ ਨੂੰ ਅੰਜ਼ਾਮ ਦੇਣਾ ਮਾਨਵਤਾ ਤੋਂ ਗਿਰੀ ਹੋਈ ਹਰਕਤ ਸੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਹੈ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਭਾਰਤ ਦੀ ਆਜ਼ਾਦੀ ਲਈ ੮੦% ਤੋਂ ਵੱਧ ਕੁਰਬਾਨੀਆਂ ਵੀ ਸਿੱਖ ਕੌਮ ਨੇ ਦਿੱਤੀਆਂ ਹਨ। ਸਿੱਖ ਕੌਮ ਕਿਸੇ ਵੀ ਸੰਕਟ ਸਮੇਂ ਦੇਸ਼ ਦੀ ਖੜਗ ਭੁਜਾ ਵਜੋਂ ਆਪਣਾ ਰੋਲ ਨਿਭਾਉਂਦੀ ਹੈ ਪਰ ਦੁਖਦ ਪਹਿਲੂ ਇਹ ਹੈ ਕਿ ਦੇਸ਼ ਵਿਚ ਸਿੱਖ ਕੌਮ ਨਾਲ ਬੇਗ਼ਾਨਿਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਆਗੂਆਂ ਦੀ ਸਿੱਖ ਕਤਲੇਆਮ ਵਿਚ ਸ਼ਮੂਲੀਅਤ ਪ੍ਰਤੱਖ ਹੋਣ ਦੇ ਬਾਵਜੂਦ ੩੩ ਸਾਲਾਂ ਦਾ ਲੰਮਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਪੀੜਤ ਸਿੱਖ ਪਰਿਵਾਰਾਂ ਦੀ ਇਨਸਾਫ ਮਿਲਣ ਦੀ ਆਸ ਲਗਭਗ ਟੁੱਟ ਹੀ ਚੁੱਕੀ ਹੈ ਕਿਉਂਕਿ ਇਨਸਾਫ ਦੇਣ ਵਾਲੀਆਂ ਤਾਕਤਾਂ ਹੀ ਦੋਸ਼ੀਆਂ ਦੀ ਪਿੱਠ ‘ਤੇ ਖੜ੍ਹੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਤਾਂ ਕਰ ਦਿੱਤਾ ਗਿਆ ਪਰ ਸਮਾਂਬੱਧ ਰਿਪੋਰਟ ਨੂੰ ਤਰਸਦੇ ਪੀੜਤ ਪਰਿਵਾਰ ਬੇਵੱਸ ਤੇ ਲਾਚਾਰ ਨਜ਼ਰ ਆ ਰਹੇ ਹਨ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੰਜੀਦਾ ਰੁਖ਼ ਅਖ਼ਤਿਆਰ ਕਰਦਿਆਂ ਵਿਸ਼ੇਸ਼ ਜਾਂਚ ਟੀਮ ਦੁਆਰਾ ਕੀਤੀ ਜਾਂਚ ਦੀ ਰਿਪੋਰਟ ਤੁਰੰਤ ਨਸ਼ਰ ਕੀਤੀ ਜਾਵੇ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਕਤਲੇਆਮ ਦੀ ਯਾਦ ਵਿਚ ਉਸਾਰੀ ਗਈ ‘ਸੱਚ ਦੀ ਕੰਧ’ ਨੂੰ ਸਹੀ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਸਿੱਖਾਂ ‘ਤੇ ਹੋਏ ਜ਼ੁਲਮਾਂ ਦੀ ਦਾਸਤਾਨ ਤੋਂ ਦੁਨੀਆਂ ਦੇ ਲੋਕ ਜਾਣੂੰ ਹੋ ਸਕਣਗੇ। ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।