ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਿਰਾਸਤੀ ਇਮਾਰਤਾਂ ਬਾਰੇ ਹੋਇਆ ਸਮਾਰੋਹ
ਜਥੇਦਾਰ ਅਵਤਾਰ ਸਿੰਘ ਨੇ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਨਾ ਸਰੋਤ ਪ੍ਰੋਜੈਕਟ ਲਈ ਡਾ: ਬਲਵੰਤ ਸਿੰਘ ਨੂੰ ੨੫ ਲੱਖ ਦਾ ਚੈਕ ਭੇਂਟ ਕੀਤਾ
24-02-2016-3 ਅੰਮ੍ਰਿਤਸਰ ੨੪ ਫਰਵਰੀ  (       ) ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ. ਬੋਬੀ ਸਿੰਘ ਬਾਂਸਲ ਲੰਡਨ ਨਿਵਾਸੀ ਦੀ ਪਾਕਿਸਤਾਨ ਵਿਖੇ ਕੀਤੀ ਗਈ ਵੱਡਮੁੱਲੀ ਖੋਜ ਤੇ ਅਧਾਰਿਤ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲਾ ਪਹਿਲਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਵਿਰਾਸਤੀ ਇਮਾਰਤਾਂ ਬਾਰੇ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਰੋਹ ਦਾ ਆਗਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਦੇਹ ਸਿਵਾ ਬਰ ਮੋਹਿ ਇਹੈ’ ਦੇ ਸ਼ਬਦ ਦਾ ਗਾਇਣ ਕਰਕੇ ਕੀਤਾ।ਇਸ ਉਪਰੰਤ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ ਗਿਆ।ਸਮਾਰੋਹ ਦੇ ਸ਼ੁਰੂ ਵਿੱਚ ਸਿੱਖ ਧਰਮ ਅਧਿਐਨ ਖੋਜ ਪ੍ਰੋਜੈਕਟ ਦੇ ਕੋ-ਆਰਡੀਨੇਟਰ ਡਾ: ਬਲਵੰਤ ਸਿੰਘ ਢਿੱਲੋਂ ਨੇ ਵਿਧੀਵਤ ਰੂਪ ‘ਚ ਸਭ ਨੂੰ ਜੀ ਆਇਆਂ ਕਿਹਾ।ਉਨ੍ਹਾਂ ਸੰਖੇਪ ‘ਚ ਬੋਲਦਿਆਂ ਕਿਹਾ ਕਿ ਕਿਸੇ ਵਿਰਾਸਤ ਦੇ ਦੋ ਪਹਿਲੂ ਹੁੰਦੇ ਹਨ ਸਥੂਲ ਤੇ ਸੂਖਮ।ਸਥੂਲ ਉਹ ਹੈ ਜਿਸ ਨੂੰ ਛੂਹ ਸਕਦੇ ਹਾਂ ਤੇ ਦੇਖ ਸਕਦੇ ਹਾਂ। ਸੂਖਮ ਉਹ ਜਿਸ ਨੂੰ ਮਹਿਸੂਸ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਬਿਖਰੇ ਖਜ਼ਾਨੇ ਨੂੰ ਇਕੱਤਰ ਕਰਨ ਅਤੇ ਸਾਂਭ ਸੰਭਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਸ. ਬੋਬੀ ਸਿੰਘ ਬਾਂਸਲ ਨੇ ਆਪਣੇ ਵੱਲੋਂ ਕੀਤੀ ਖੋਜ ਰਾਹੀਂ ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀਆਂ ਜਰਜਰ ਹੋਈਆਂ ਇਤਿਹਾਸਕ ਵਿਰਾਸਤੀ ਇਮਾਰਤਾਂ ਬਾਰੇ ਸਕਰੀਨ ਤੇ ਤਸਵੀਰਾਂ (ਡਾਕੂਮੈਂਟਰੀ ਫਿਲਮ) ਰਾਹੀਂ ਜਾਣਕਾਰੀ ਦਿੱਤੀ।ਸ. ਬੋਬੀ ਸਿੰਘ ਬਾਂਸਲ ਨੇ ਕਿਹਾ ਕਿ ਇਹ ਵਡਮੁੱਲਾ ਵਿਰਾਸਤੀ ਖਜਾਨਾ ਜੋ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ਢਹਿ ਢੇਰੀ ਹੋਈ ਜਾ ਰਿਹਾ ਹੈ ਜਿਸ ਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਅਗਰ ਇਸ ਨੂੰ ਸੰਭਾਲਿਆ ਨਾ ਗਿਆ ਤਾਂ ਇਕ ਦਿਨ ਇਸ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਪੰਜਾਬ ਨਾਲੋਂ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਪੁਰਾਤਨ ਇਤਿਹਸਾਕ ਇਮਾਰਤਾਂ ਦੀ ਵਿਰਾਸਤ ਦਾ ਖਜਾਨਾ ੯੦ ਪ੍ਰਤੀਸ਼ਤ ਹੈ ਜੋ ਓਥੋਂ ਦੀ ਸਰਕਾਰ ਵਲੋਂ ਸੁਚੱਜੀ ਦੇਖ-ਰੇਖ ਰਾਹੀਂ ਸੰਭਾਲਣਾ ਬਣਦਾ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਰੋਹ ਵਿੱਚ ਸ਼ਾਮਿਲ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਵਿਰਾਸਤ ਉਸ ਦਾ ਅਮੀਰ ਵਿਰਸਾ ਹੈ।ਉਨ੍ਹਾਂ ਕਿਹਾ ਕਿ ਜੋ ਕੌਮ ਆਪਣੇ ਇਤਿਹਾਸ ਤੇ ਵਿਰਾਸਤ ਦੀ ਸਾਂਭ ਸੰਭਾਲ ਕਰਨਾ ਭੁੱਲ ਜਾਂਦੀ ਹੈ ਉਸ ਦੀਆਂ ਖੂਬਸੂਰਤ ਯਾਦਾਂ ਅਲੋਪ ਹੋ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਤੇ ਵਿਰਾਸਤ ਬਹੁਤ ਅਮੀਰ ਹੈ, ਪਰ ਅਨਹੋਣੀਆਂ ਜੱਗੋਂ ਬਾਹਰ ਹਨ। ਉਨ੍ਹਾਂ ਕਿਹਾ ਅੱਜ ਲੋੜ ਹੈ ਇਸ ਗੌਰਵਮਈ ਇਤਿਹਾਸ ਤੇ ਇਮਾਰਤਾਂ ਨੂੰ ਸਾਂਭਣ ਦੀ!ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਕੋਈ ਢੁਕਵਾਂ ਹੱਲ ਕੱਢਣ ਲਈ ਵਿਚਾਰ-ਵਟਾਂਦਰਾ ਕਰੇਗੀ।ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੀ ਦੂਰ ਅੰਦੇਸ਼ੀ ਸੋਚ ਤੇ ਸੁਚੱਜੇ ਯਤਨਾ ਸਦਕਾ ਵਿਰਾਸਤੀ ਸਾਂਭ ਸੰਭਾਲ ਦੇ ਮੱਦੇ ਨਜ਼ਰ  ਚੱਪੜ ਚਿੜੀ ‘ਚ ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ ਅਤੇ ਕੁੱਪ ਰੋਹੀੜਾ  ਵਿਖੇ ਵੱਡਾ ਘੱਲੂਘਾਰਾ ਤੇ ਕਾਹਨੂੰਵਾਨ ਛੰਭ ‘ਚ ਛੋਟੇ ਘੱਲੂਘਾਰੇ ਨਾਲ ਸਬੰਧਿਤ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਂਨ।ਇਸੇ ਤਰ੍ਹਾਂ ਚੱਪੜ ਚਿੜੀ ਦਾ ਮੈਦਾਨ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖ਼ਾਲਸਾ ਨਾਲ ਸਬੰਧਿਤ ਯਾਦ ਸਥਾਪਿਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਰਾਤਨ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਲਈ ਉਚੇਚੇ ਤੌਰ ਤੇ ਯਤਨ ਕੀਤੇ ਜਾ ਰਹੇ ਹਨ।ਜਿਨ੍ਹਾਂ ਵਿੱਚ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਗਏ ਪੰਜ ਕਿਲ੍ਹੇ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ ਹਵੇਲੀ, ਠੰਢਾ ਬੁਰਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ, ਬੁੰਗਾ ਰਾਮਗੜ੍ਹੀਆ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਤੇ ਬਾਰਾਂਦਰੀ ਆਦਿ  ਨੂੰ ਪੁਰਤਾਨ ਦਿੱਖ ਦਿੱਤੀ ਜਾ ਰਹੀ ਹੈ।ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਚੱਲ ਰਹੇ ਸਿੱਖ ਧਰਮ ਅਧਿਐਨ ਖੋਜ ਪ੍ਰੋਜੈਕਟ ਅਤੇ ਸ. ਬੋਬੀ ਸਿੰਘ ਬਾਂਸਲ ਵੱਲੋਂ ਕੀਤੀ ਵਡਮੁੱਲੀ ਖੋਜ ਦੀ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਨਾ ਸਰੋਤ ਪ੍ਰੋਜੈਕਟ ਲਈ ੨੫ ਲੱਖ ਰੁਪਏ ਦਾ ਚੈਕ ਡਾ: ਬਲਵੰਤ ਸਿੰਘ ਢਿੱਲੋਂ ਨੂੰ ਭੇਟ ਕੀਤਾ।ਸਟੇਜ ਸਕੱਤਰ ਦੀ ਸੇਵਾ ਡਾ: ਗੁਲਜ਼ਾਰ ਸਿੰਘ ਨੇ ਨਿਭਾਈ।ਸਮਾਰੋਹ ਦੇ ਅੰਤ ਵਿੱਚ ਸ. ਬੋਬੀ ਸਿੰਘ ਬਾਂਸਲ ਵੱਲੋਂ ਆਪਣੀ ਲਿਖਿਤ ਪੁਸਤਕ ‘ਰੈਮੀਨੈਂਟਸ ਆਫ਼ ਦਾ ਸਿੱਖ ਐਮਪਾਇਰ- ਹਿਸਟੋਰੀਕਲ ਸਿੱਖ ਮੋਨੂਮੈਂਟਸ ਇਨ ਪਾਕਿਸਤਾਨ’ ਦੀ ਪਹਿਲੀ ਕਾਪੀ ਜਥੇਦਾਰ ਅਵਤਾਰ ਸਿੰਘ ਨੂੰ ਭੇਂਟ ਕੀਤੀ ਗਈ।ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਬਣੇ ਮਿਊਜ਼ੀਅਮ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਦੁਰਲੱਭ ਵਸਤਾਂ, ਦਸਮ ਪਿਤਾ ਦਾ ਚੋਲਾ, ਖੜਾਵਾਂ ਅਤੇ ਸ਼ਸਤਰਾਂ ਦੀਆਂ ਦੁਰਲੱਭ ਤਸਵੀਰਾਂ ਵੀ ਵੇਖੀਆਂ।ਜਿਨ੍ਹਾਂ ਦਾ ਖੋਜ ਕਾਰਜ ਡਾ: ਬਲਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸ. ਗੁਰਬੀਰ ਸਿੰਘ ਵਿਜ਼ੀਟਿੰਗ ਪ੍ਰੋਫੈਸਰ ਤੇ ਸ. ਸਲਿੰਦਰ ਸਿੰਘ ਰੀਸਰਚ ਫੈਲੋ ਨੇ ਕੀਤਾ।
ਸਮਾਗਮ ਦੇ ਅਖੀਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਜੈਬ ਸਿੰਘ ਬਰਾੜ, ਡਾ: ਬਲਵੰਤ ਸਿੰਘ ਢਿੱਲੋਂ ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਥੇਦਾਰ ਅਵਤਾਰ ਸਿੰਘ ਨੂੰ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਹੋਰ ਸਖਸ਼ੀਅਤਾਂ ਵਿੱਚ ਸ. ਹਰਚਰਨ ਸਿੰਘ ਮੁੱਖ ਸਕੱਤਰ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ. ਮਨਜੀਤ ਸਿੰਘ ਸਕੱਤਰ ਤੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਨੂੰ ਵੀ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, ਪ੍ਰਿੰਸੀਪਲ ਬਲਦੇਵ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਡਾ: ਅਮਰਜੀਤ ਸਿੰਘ ਤੇ ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਆਦਿ ਹਾਜ਼ਰ ਸਨ।