ਅੰਮ੍ਰਿਤਸਰ, 14 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੀ.ਜੀ.ਆਈ. ਚੰਡੀਗੜ੍ਹ ‘ਚ ਕਲਰਕਾਂ ਦੀ ਹੋਈ ਭਰਤੀ ਪ੍ਰੀਖਿਆ ਦੌਰਾਨ  ਸੈਕਟਰ ੩੫ ਬੀ ਦੇ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀਖਿਆ ਕੇਂਦਰ ਵਿਖੇ ਨਿਗਰਾਨ ਅਮਲੇ ਵੱਲੋਂ ਸਿੱਖ ਅੰਮ੍ਰਿਤਧਾਰੀ ਬੀਬੀ ਜਗੀਰ ਕੌਰ ਨੂੰ ਪ੍ਰੀਖਿਆ ‘ਚ ਬੈਠਣ ਲਈ ਆਪਣਾ ਧਾਰਮਿਕ ਚਿੰਨ੍ਹ ਕੜਾ ਉਤਾਰਨ ਦੀ ਕੀਤੀ ਗਈ ਜਿੱਦ ਅਤੇ ਟੈਸਟ ਦੇਣ ਤੋਂ ਰੋਕਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਗਰਾਨ ਅਮਲੇ ਵੱਲੋਂ ਅੰਮ੍ਰਿਤਧਾਰੀ ਬੀਬੀ ਨਾਲ ਕੀਤੀ ਗਈ ਮੰਦਭਾਗੀ ਕਾਰਵਾਈ ਸਿੱਧੇ ਰੂਪ ‘ਚ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਧਰਮ ਦੇ ਧਾਰਮਿਕ ਚਿੰਨਾਂ ਦੀ ਬੇਅਦਬੀ ਕਰਨ ਵਾਲੀ ਹੈ, ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਜ਼ਲੂਮਾਂ ਦੀ ਰੱਖਿਆ ਕਰਨ ਤੇ ਜ਼ਬਰ-ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਸਜਾਇਆ ਗਿਆ ਖਾਲਸਾ ਪੰਥ ਹਮੇਸ਼ਾ ਹੀ ਸਰਬੱਤ ਦਾ ਭਲਾ ਲੋਚਦਾ ਹੈ। ਖਾਸ ਕਰਕੇ ਗੁਰੂ ਸਾਹਿਬਾਨ ਵੱਲੋਂ ਆਪਣੇ ਸਿੱਖਾਂ ਨੂੰ ਬਖਸ਼ੇ ਧਾਰਮਿਕ ਚਿੰਨ੍ਹ (ਕਕਾਰ) ਸਿੱਖ ਧਰਮ ਦੀ ਵਿਲੱਖਣ ਪਹਿਚਾਣ ਤੇ ਨਿਆਰੇਪਨ ਦੀ ਨਿਸ਼ਾਨੀ ਦੇ ਪ੍ਰਤੀਕ ਹਨ, ਜਿਸ ਨੂੰ ਹਰ ਅੰਮ੍ਰਿਤਧਾਰੀ ਗੁਰਸਿੱਖ ਹਮੇਸ਼ਾ ਆਪਣੇ ਅੰਗ-ਸੰਗ ਰੱਖਦਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪ੍ਰੀਖਿਆ ਦੌਰਾਨ ਜਿਸ ਢੰਗ ਨਾਲ ਅੰਮ੍ਰਿਤਧਾਰੀ ਬੀਬੀ ਨੂੰ ਮਾਨਸਿਕ ਪੀੜਾ ਵਿਚੋਂ ਗੁਜ਼ਰਨਾ ਪਿਆ ਉਸ ਪ੍ਰਤੀ ਨਿਗਰਾਨ ਅਮਲੇ ਦੇ ਮੁਲਾਜ਼ਮ ਪੂਰਨ ਤੌਰ ‘ਤੇ ਦੋਸ਼ੀ ਹਨ। ਇਸ ਲਈ ਉਕਤ ਵਿਭਾਗ ਦੇ ਉੱਚ ਅਧਿਕਾਰੀ ਦੋਸ਼ੀ ਮੁਲਾਜ਼ਮਾਂ ਖਿਲਾਫ ਜਿਥੇ ਸਖਤ ਕਾਰਵਾਈ ਕਰਨ ਉਥੇ ਨਾਲ ਹੀ ਲਿਖਤੀ ਰੂਪ ਵਿਚ ਵਾਪਰੇ ਉਕਤ ਮੰਦਭਾਗੇ ਵਰਤਾਰੇ ਲਈ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ ਤਾਂ ਕਿ ਮੁੜ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਨਾ ਵਾਪਰ ਸਕੇ।