ਸਿੱਖ ਇਤਿਹਾਸ ਦੀ ਮੌਲਿਕਤਾ ਨੂੰ ਵਿਗਾੜਨ ਵਾਲੇ ਲੋਕਾਂ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ –ਭਾਈ ਲੌਂਗੋਵਾਲ


ਚੰਡੀਗੜ੍ਹ, ੨੩ ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਥਾਨਕ ਗੁਰਦੁਆਰਾ ਕਲਗੀਧਰ ਨਿਵਾਸ ਵਿਖੇ ‘ਸਿੱਖ ਸਰੋਤ ਇਤਿਹਾਸਕ ਗੰ੍ਰਥ ਸੰਪਾਦਨਾ ਪ੍ਰੋਜੈਕਟ’ ਵੱਲੋਂ ਕਰਵਾਏ ਗਏ ਸੈਮੀਨਰ ਅਤੇ ਪੁਸਤਕ ਰਿਲੀਜ਼ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਕਿਸੇ ਵੀ ਕੌਮ ਸਰਮਾਇਆ ਹੁੰਦਾ ਹੈ, ਜਿਸ ਤੋਂ ਸੇਧ ਪ੍ਰਾਪਤ ਕਰਕੇ ਕੌਮ ਦੀਆਂ ਪੀੜ੍ਹੀਆਂ ਆਪਣੇ ਵਿਰਸੇ ਪ੍ਰਤੀ ਜਾਗਰੂਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਸ਼ਕਤੀਆਂ ਸਿੱਖ ਇਤਿਹਾਸ ਦੀ ਮੌਲਿਕਤਾ ਨੂੰ ਵਿਗਾੜਨ ਦਾ ਯਤਨ ਕਰ ਰਹੀਆਂ ਹਨ, ਜਿਸ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਵਾਲਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਜਵਾਬ ਦੇਣ। ਉਨ੍ਹਾਂ ਡਾ. ਕਿਰਪਾਲ ਸਿੰਘ ਦੀ ਨਿਰਦੇਸ਼ਨਾਂ ਹੇਠ ਚੱਲ ਰਹੇ ‘ਸਿੱਖ ਸਰੋਤ ਇਤਿਹਾਸਕ ਗੰ੍ਰਥ ਸੰਪਾਦਨਾ ਪ੍ਰੋਜੈਕਟ’ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਜੈਕਟ ਵੱਲੋਂ ਤਿਆਰ ਕੀਤੀਆਂ ਪੁਸਤਕਾਂ ਨੂੰ ਖੋਜਾਰਥੀਆਂ ਲਈ ਲਾਹੇਵੰਦਾ ਦੱਸਿਆ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਬਲਵੰਤ ਸਿੰਘ ਢਿੱਲੋਂ ਨੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ-ਜੀਵਨ ਤੇ ਸ਼ਹਾਦਤ’ ਵਿਸ਼ੇ ‘ਤੇ ਪਰਚਾ ਪੜ੍ਹਦਿਆਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਲਾਸਾਨੀ ਦੱਸਿਆ ਅਤੇ ਉਸ ਸਮੇਂ ਦੇ ਰਾਜਸੀ, ਧਾਰਮਿਕ ਅਤੇ ਸਮਾਜਿਕ ਹਲਾਤਾਂ ‘ਤੇ ਵੀ ਚਾਨਣਾ ਪਾਇਆ। ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਪ੍ਰੋਜੈਕਟ ਨਿਰਦੇਸ਼ਕ ਡਾ. ਕਿਰਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਆਈਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ-ਆਇਆਂ ਕਿਹਾ ਅਤੇ ਪ੍ਰੋਜੈਕਟ ਰਾਹੀਂ ਕੀਤੇ ਗਏ ਕੰਮਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸਕਾਲਰ ਸ. ਸੁਖਮਿੰਦਰ ਸਿੰਘ ਗੱਜਣਵਾਲਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ੁੰਮੇਵਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸੀਟਿਊਟ ਬਹਾਦਰਗੜ੍ਹ ਪਟਿਆਲਾ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਨਿਭਾਈ।
ਇਸ ਦੌਰਾਨ ਭਾਈ ਸੰਤੋਖ ਸਿੰਘ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗੰ੍ਰਥ ‘ਤੇ ਅਧਾਰਿਤ ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਸਬੰਧਤ ਦੋ ਸੰਪਾਦਤ ਪੁਸਤਕਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਾਂ ਨੇ ਸਾਂਝੇ ਰੂਪ ਵਿਚ ਜਾਰੀ ਕੀਤੀਆਂ। ਇਸ ਮੌਕੇ ਸਿੱਖ ਵਿਦਵਾਨ ਭਾਈ ਅਸ਼ੌਕ ਸਿੰਘ ਬਾਗੜੀਆਂ, ਸ. ਗੁਰਦੇਵ ਸਿੰਘ ਆਈ.ਏ.ਐਸ., ਸ਼੍ਰੋਮਣੀ ਕਮੇਟੀ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ, ਡਾ. ਗੁਰਵੀਰ ਸਿੰਘ, ਡਾ. ਚਮਕੌਰ ਸਿੰਘ, ਸ. ਸ਼ਾਮ ਸਿੰਘ, ਸ. ਖੁਸ਼ਹਾਲ ਸਿੰਘ, ਸ. ਮਹਿੰਦਰ ਸਿੰਘ, ਸ. ਕੁਲਵੰਤ ਸਿੰਘ, ਸ. ਗੁਰਚਰਨ ਸਿੰਘ, ਡਾ. ਪਰਮਵੀਰ ਸਿੰਘ ਸੰਪਾਦਕ ਗੁਰਬਾਣੀ ਚਾਨਣ, ਡਾ. ਰਾਜਿੰਦਰ ਸਿੰਘ, ਸ. ਦਰਸ਼ਨ ਸਿੰਘ ਲੌਂਗੋਵਾਲ, ਸ. ਗੁਰਬਚਨ ਸਿੰਘ ਮਾਵੀ, ਬੀਬੀ ਸਤਿੰਦਰ ਕੌਰ, ਪ੍ਰੋ. ਹਰਪਾਲ ਸਿੰਘ ਬੰਗਾ, ਸ. ਸੁਖਮਿੰਦਰ ਸਿੰਘ ਗੱਜਣਵਾਲਾ ਆਦਿ ਮੌਜੂਦ ਸਨ।