ਸਿੱਖਾਂ ਦੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ਦਸਤਾਰ-ਭਾਈ ਗੋਬਿੰਦ ਸਿੰਘ ਲੌਂਗੋਵਾਲ

ਅੰਮ੍ਰਿਤਸਰ, ੨੧ ਅਪ੍ਰੈਲ- ਦਸਤਾਰ ਸਿੱਖ ਦੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ਅਤੇ ਇਸ ਸਬੰਧੀ ਸਿੱਖ ਰਹਿਤ ਮਰਯਾਦਾ ਵਿਚ ਸਪੱਸ਼ਟ ਤੌਰ ‘ਤੇ ਅੰਕਿਤ ਕੀਤਾ ਗਿਆ ਹੈ। ਸਿੱਖ ਖਿਡਾਰੀਆਂ ਨੂੰ ਦਸਤਾਰ ਦੀ ਥਾਂ ‘ਤੇ ਹੋਰ ਸੁਰੱਖਿਆ ਸਾਧਨ ਵਰਤਣ ਲਈ ਮਜ਼ਬੂਰ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਸਿੱਖ ਸਾਈਕਲਿਸਟ ਦੀ ਪਟੀਸ਼ਨ ਦੇ ਸਬੰਧ ‘ਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਸਵਾਲ ਤੋਂ ਬਾਅਦ ਕੀਤਾ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਸਿੱਖ ਸਾਈਕਲਿਸਟ ਸ. ਜਗਦੀਪ ਸਿੰਘ ਪੁਰੀ ਨੇ ਸੁਪਰੀਮ ਕੋਰਟ ਵਿਚ ਇਕ ਸਥਾਨਕ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਹੈਲਮਟ ਪਹਿਨਣ ਦੀ ਲਾਜ਼ਮੀ ਸ਼ਰਤ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ‘ਤੇ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ‘ਕੀ ਦਸਤਾਰ ਸਿੱਖ ਲਈ ਲਾਜ਼ਮੀ ਹੈ ਜਾਂ ਕੇਵਲ ਸਿਰ ਢੱਕਣ ਦਾ ਇਕ ਸਾਧਨ’। ਇਸ ‘ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਇਹ ਸਿੱਖ ਪਛਾਣ ਦੇ ਨਾਲ-ਨਾਲ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਦਸਤਾਰਧਾਰੀ ਸਿੱਖ ਲਈ ਹੈਲਮਟ ਪਹਿਨਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਵੀ ਸਿੱਖ ਦਸਤਾਰ ਸਜਾ ਕੇ ਲੜਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਦਸਤਾਰ ਸਬੰਧੀ ਕਿਸੇ ਨੂੰ ਭੁਲੇਖਾ ਨਹੀਂ ਹੈ ਕਿਉਂਕਿ ਦੇਸ਼ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੀ ਦਸਤਾਰ ਸਜਾਉਂਦੇ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਅੰਦਰ ਵੀ ਸਿੱਖਾਂ ਅੱਜ ਸਰਕਾਰਾਂ ਦਾ ਹਿੱਸਾ ਬਣੇ ਹੋਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਅੰਦਰ ਸਿੱਖਾਂ ਦੀ ਦਸਤਾਰ ਸਬੰਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ।