ਦੇਸ਼-ਵਿਦੇਸ਼ ਦੀ ਸੰਗਤ ਤੇ ਗੁਰਦੁਆਰਾ ਕਮੇਟੀਆਂ ਇਸ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾਉਣ -ਗਿਆਨੀ ਗੁਰਬਚਨ ਸਿੰਘ


ਅੰਮ੍ਰਿਤਸਰ, 8 ਮਾਰਚ –
ਦਫਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁੱਧਵਾਰ ਨੂੰ ਨਾਨਕਸ਼ਾਹੀ ਸੰਮਤ 549 (2017-18) ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ।

ਕੈਲੰਡਰ ਜਾਰੀ ਕਰਨ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਨਾਨਕਸ਼ਾਹੀ ਸੰਮਤ 549 ਦੇ ਇਸ ਕੈਲੰਡਰ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ ਗੁਰਪੁਰਬ ਅਤੇ ਸਿੱਖ ਧਰਮ ਨਾਲ ਸਬੰਧਤ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੇਸ਼-ਵਿਦੇਸ਼ ਦੀ ਸਮੂਹ ਸਿੱਖ ਸੰਗਤ ਅਤੇ ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਕੈਲੰਡਰ ਅਨੁਸਾਰ ਹੀ ਸਮੁੱਚੇ ਦਿਹਾੜੇ ਮਨਾਏ ਜਾਣ।

ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਾਰ-ਵਾਰ ਆਦੇਸ਼ ਦਿੱਤੇ ਗਏ ਹਨ ਕਿ ਗੁਰਦੁਆਰਾ ਕਮੇਟੀਆਂ ਆਪਣੀ ਜ਼ਿੰੰਮੇਵਾਰੀ ਸਮਝਦਿਆਂ ਗੁਰੂ-ਘਰਾਂ ਦੀ ਪਹਿਰੇਦਾਰੀ ਯਕੀਨੀ ਬਣਾਉਣ ਪਰ ਫਿਰ ਵੀ ਕਈ ਥਾਵਾਂ ‘ਤੇ ਅਣਗਹਿਲੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਇਕ ਵਾਰ ਫਿਰ ਗੁਰਦੁਆਰਾ ਕਮੇਟੀਆਂ ਨੂੰ ਕਿਹਾ ਕਿ ਸਮੁੱਚੇ ਗੁਰੂ-ਘਰਾਂ ਅੰਦਰ ਹਰ ਸਮੇਂ ਸੇਵਾਦਾਰ ਦੀ ਹਾਜ਼ਰੀ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਠੱਲ੍ਹਣ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਕੇ ਹਰ ਧਰਮ ਦੇ ਬਾਸ਼ਿੰਦਿਆਂ ਦੀ ਜਾਨ-ਮਾਲ ਦੀ ਰਖਵਾਲੀ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ।

ਇਸ ਮੌਕੇ ਉਨ੍ਹਾਂ ਨਾਲ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਸ਼੍ਰੋਮਣੀ ਕਮੇਟੀ ਸ. ਹਰਪਾਲ ਸਿੰਘ ਜੱਲਾ ਤੇ ਭਾਈ ਮਨਜੀਤ ਸਿੰਘ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਸੁਖਮਿੰਦਰ ਸਿੰਘ ਐਕਸੀਅਨ, ਸ. ਗੁਰਬਚਨ ਸਿੰਘ ਇੰਚਾਰਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਦਿ ਹਾਜ਼ਰ ਸਨ।