logoਅੰਮ੍ਰਿਤਸਰ 26 ਸਤੰਬਰ (        ) ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁੰਦਾ ਹਰ ਗੁਰਮਤਾ ਸਿੱਖ ਪੰਥ ਲਈ ਪ੍ਰਵਾਨ ਹੁੰਦਾ ਹੈ, ਜਿਸ ਨੂੰ ਮੰਨਣਾ ਹਰ ਸਿੱਖ ਦਾ ਮੁਢਲਾ ਫਰਜ਼ ਹੈ।
ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰ: ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ੍ਰ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਦਿਆਲ ਸਿੰਘ ਕੋਲਿਆਂਵਾਲੀ, ਸ੍ਰ: ਨਿਰਮੈਲ ਸਿੰਘ ਜੌਲਾਂ ਤੇ ਸ੍ਰ: ਮੋਹਨ ਸਿੰਘ ਬੰਗੀ ਅੰਤ੍ਰਿੰਗ ਕਮੇਟੀ ਮੈਬਰ ਅਤੇ ਭਾਈ ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜੋਗਿੰਦਰ ਕੌਰ, ਸ੍ਰ: ਗੁਰਤੇਜ ਸਿੰਘ ਢੱਡੇ, ਸ੍ਰ: ਸੁਖਦੇਵ ਸਿੰਘ ਬਾਹੀਆ, ਸ੍ਰ: ਸੁਰਜੀਤ ਸਿੰਘ ਰਾਏਪੁਰ ਤੇ ਸ੍ਰ: ਮਿੱਠੂ ਸਿੰਘ ਕਾਹਨੇਕੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਾਂਝੇ ਤੌਰ ਤੇ ਕਿਹਾ ਕਿ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਇਆ ਹਰ ਗੁਰਮਤਾ, ਹੁਕਮਨਾਮਾ, ਆਦੇਸ਼ ਅਤੇ ਸੰਦੇਸ਼ ਸਿੱਖ ਕੌਮ ਨੂੰ ਪ੍ਰਵਾਨ ਕਰਨਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਜਥੇਬੰਦੀ ਨੂੰ ਇਸ ਪ੍ਰਤੀ ਕੋਈ ਭਰਮ ਭੁਲੇਖੇ ਹੋਣ ਤਾਂ ਉਸ ਨੂੰ ਮਰਯਾਦਾ ਵਿੱਚ ਰਹਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨੀ ਚਾਹੀਦੀ ਹੈ।ਉਨ੍ਹਾਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਆਨਬਾਜ਼ੀ ਨਾ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਮਹਾਨ ਤੇ ਸਰਵਉੱਚ ਤਖ਼ਤ ਹੈ ਤੇ ਏਥੋਂ ਜਾਰੀ ਹੋਇਆ ਹਰ ਹੁਕਮਨਾਮਾ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਪ੍ਰਵਾਨ ਕਰਦੇ ਹੋਏ ਇਸ ਦਾ ਮਾਣ-ਸਨਮਾਨ ਕਾਇਮ ਰੱਖਣਾ ਚਾਹੀਦਾ ਹੈ।