ਸ੍ਰੀ ਅਕਾਲ ਤਖ਼ਤ ਸਾਹਿਬ : ਹੁਕਮਨਾਮੇ

 

 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਸ਼ੀਲਤਾ ਦੋ ਵਿਸ਼ੇਸ਼ ਰੂਪਾਂ ਵਿਚ ਪ੍ਰਗਟ ਹੁੰਦੀ ਹੈ। ਪਹਿਲੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਰ ਐਤਵਾਰ ਤੇ ਬੁੱਧਵਾਰ ਅਤੇ ਵਿਸ਼ੇਸ਼ ਗੁਰਪੁਰਬਾਂ ਸਮੇਂ ਅੰਮ੍ਰਿਤ-ਅਭਿਲਾਖੀਆਂ ਵਾਸਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਜਿਸ ਨਾਲ ਉਹ ਗੁਰੂ ਪਰੀਵਾਰ ਦੇ ਮੈਂਬਰ ਬਣਦੇ ਹਨ। ਇਸ ਪੱਖ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਿਰੰਤਰ ਕਾਰਜਸ਼ੀਲ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਗੁਰਸਿੱਖੀ ਜੀਵਨ ਜੀਅ ਰਹੇ ਹਨ।
ਦੂਸਰਾ ਪੱਖ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਗੁਰੂ-ਪੰਥ’ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਸਮੇਂ-ਸਮੇਂ ਗੁਰਮਤਿ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ, ਆਦੇਸ਼ ਤੇ ਪੰਥਕ ਫ਼ੈਸਲੇ ਕਰਦਾ ਰਿਹਾ।
ਇਹ ਇਤਿਹਾਸਕ ਸੱਚ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰ ਕੇ, ਸਿੱਖਾਂ ਪ੍ਰਤੀ ਸੰਤ-ਸਿਪਾਹੀ ਬਣਨ, ਚੰਗੇ ਘੋੜੇ, ਹਥਿਆਰ ਤੇ ਜੁਆਨੀਆਂ ਭੇਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ।
ਸਭ ਤੋਂ ਪਹਿਲਾ ਹੁਕਮਨਾਮਾ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ, ਉਹ ਸਿੱਖ ਕੌਮ ਦਾ ਪਹਿਲਾ ਸਿਆਸੀ ਐਲਾਨਨਾਮਾ ਸੀ। ਹੁਕਮਨਾਮੇ ਵਿਚ ਸਿੱਖਾਂ ਨੂੰ ਆਖਿਆ ਗਿਆ ਸੀ, “ਗੁਰੂ ਅਰਜਨ ਸਾਹਿਬ ਜੰਨਤ ਵਿਚ ਚਲੇ ਗਏ ਹਨ ਅਤੇ ਛੇਵੇਂ ਗੁਰੂ ਤਖ਼ਤ ’ਤੇ ਬੈਠ ਗਏ ਹਨ। ਜੋ ਸਿੱਖ ਗੁਰੂ ਸਾਹਿਬਾਨ ਦੇ ਦੀਦਾਰੇ ਕਰਨ ਆਉਣ, ਉਹ ਆਪਣੇ ਨਾਲ ਸਿਰਫ਼ ਘੋੜਿਆਂ ਤੇ ਚੰਗੇ ਹਥਿਆਰਾਂ ਦੇ ਤੋਹਫ਼ੇ ਹੀ ਲਿਆਇਆ ਕਰਨ”।1
ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਪਰੋਕਤ ਵਿਸ਼ੇ ਸੰਬੰਧੀ ਸੰਗਤਾਂ ਨੂੰ ਹੁਕਮਨਾਮਾ ਜਾਰੀ ਕੀਤਾ, ਭਾਵੇਂ ਕਿ ਇਹ ਹੁਕਮਨਾਮਾ ਕਿਧਰੇ ਲਿਖਤੀ ਰੂਪ ਵਿਚ ਨਹੀਂ ਮਿਲਦਾ, ਪਰ ਇਸ ਦੇ ਜਾਰੀ ਹੋਣ ਤੇ ਵਿਸ਼ੇ ਸੰਬੰਧੀ ਸੰਖੇਪ ਜਾਣਕਾਰੀ ਇਤਿਹਾਸਕ ਸਰੋਤਾਂ ਤੋਂ ਮਿਲਦੀ ਹੈ, ਜਿਵੇਂ ਕਵੀ ਸੋਹਣ ਦੀ ਲਿਖਤ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀਆਂ ਨਿਮਨਲਿਖਤ ਲਾਈਨਾਂ :

ਹਾੜ ਪ੍ਰਿਥਮ ਏਕਮ ਥਿਤ ਮਾਹੀ ।
ਹਰਿ ਗੁਬਿੰਦ ਗੁਰੁ ਪਾਗ ਬੰਧਾਹੀਂ ।
ਹੁਕਮ ਨਾਂਵੇਂ ਦਿਨ ਦੁਤੀਅ ਲਖਾਏ ।
ਸ੍ਰੀ ਗੁਰੁ ਦੇਸਨਿ ਦੇਸ ਪਠਾਏ ॥33॥
ਦੋਹਰਾ ॥ ਐਸੇ ਬਚਨ ਯਾ ਮੈਂ ਲਿਖੇ ਭੇਟ ਸ਼ਸਤ੍ਰ ਹੈ ਲਿਆਇ ।
ਪੱਖ ਦਿਵਸ ਮੈਂ ਆਇ ਸਭ ਯਾ ਮੈਂ ਦੇਰ ਨ ਲਾਇ ॥35॥

ਇਸ ਤੋਂ ਸਪੱਸ਼ਟ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮਨਾਮੇ ਲਿਖਾ ਕੇ ‘ਦੇਸਨਿ ਦੇਸ’ ਭਾਵ ਵੱਖ-ਵੱਖ ਖੇਤਰਾਂ ਵਿਚ ਪਹੁੰਚਾ ਦਿੱਤੇ ਤੇ ਆਦੇਸ਼ ਕੀਤਾ ਕਿ ਸ਼ਸਤਰ ਭੇਟ ਕਰਨ ਲਈ ਦੇਰੀ ਨਹੀਂ ਕਰਨੀ।
ਇਤਿਹਾਸਕ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਡਾ: ਗੰਡਾ ਸਿੰਘ ਤੇ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਸੰਪਾਦਿਤ ਪੁਸਤਕਾਂ ਵਿਚ ‘ਹੁਕਮਨਾਮਾ ਖ਼ਾਲਸਾ ਜੀ ਵਲੋਂ’ ਦੇ ਸਿਰਲੇਖ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਅੰਕਿਤ ਹੈ। ਇਹ ਹੁਕਮਨਾਮਾ ਵੈਸਾਖ 3, ਸੰਮਤ 1816 ਮੁਤਾਬਿਕ 12 ਅਪ੍ਰੈਲ, 1759 ਨੂੰ ਜਾਰੀ ਕੀਤਾ ਗਿਆ। ਇਹ ਹੁਕਮਨਾਮਾ ਸਮੂੰਹ ਵਾਸੀ ਪਟਣ’ ਦੇ ਨਾਮ ਹੈ। ਇਸ ਹੁਕਮਨਾਮੇ ਵਿਚ 125/- ਰੁਪਏ ਭਾਈ ਦਿਆਲ ਸਿੰਘ ਨੂੰ ਦੇਣ ਅਤੇ ਦਸਵੰਧ ਤੇ ਕਾਰ ਭੇਟਾ, ਜੋ ਕੁਝ ਗੁਰੂ ਦੇ ਨਮਿਤ ਹੋਵੇ, ਦੀਪਮਾਲਾ ਤੋਂ ਲੈ ਕੇ ਆਉਣ ਦਾ ਆਦੇਸ਼ ਹੈ। ਇਸ ਹੱਥ ਲਿਖਤ ਹੁਕਮਨਾਮੇ ਦੀ ਪ੍ਰਾਪਤੀ ਨਾਲ ਤਖ਼ਤ ਸਾਹਿਬਾਨ ਤੋਂ ਹੁਕਮਨਾਮੇ ਹੋਣ ਦੀ ਪਰੰਪਰਾ ਦੀ ਇਤਿਹਾਸਕਤਾ ਸਵੈ-ਸਿੱਧ ਹੈ।
ਤਖ਼ਤ ਦੀ ਮਰਿਆਦਾ ਤੇ ਕਾਰਜਸ਼ੀਲਤਾ ਨੂੰ ਗੁਰਦੁਆਰੇ ਦੇ ਕਾਰਜ ਖੇਤਰ ਨਾਲੋਂ ਨਿਖੇੜਦੇ ਹੋਏ, ਗਿਆਨੀ ਪ੍ਰਤਾਪ ਸਿੰਘ ਜੀ ਲਿਖਦੇ ਹਨ।
“ਇਹ ਚਾਰੇ (ਪੰਜ) ‘ਤਖ਼ਤ’ ਗੁਰਦੁਆਰਿਆਂ ਦੀ ਸਾਰੀ ਮਰਿਆਦਾ ਪੂਰਨ ਕਰਦੇ ਹੋਏ, ਕਿਸੇ ਥਾਂ ਸਿੱਖੀ ਦੀ ਰਹੁ-ਰੀਤ ਬਾਰੇ ਕੋਈ ਸ਼ੰਕਾ ਪੈਦਾ ਹੋ ਜਾਵੇ, ਕੋਈ ਧਾਰਮਿਕ ਜਾਂ ਸਮਾਜਿਕ ਸਮੱਸਿਆ ਖੜੀ ਹੋ ਜਾਵੇ ਤਾਂ ਉਸ ਦਾ ਨਿਰਣਾ ਤੇ ਫ਼ੈਸਲਾ ਕਰਦੇ ਹਨ। ਰਹਿਤ-ਬਹਿਤ ਦੀ ਪੁੱਛ-ਪੜਤਾਲ ਕਰਦੇ ਅਤੇ ਸਿੱਖੀ ਤੋਂ ਪਤਿਤ ਆਦਮੀਆਂ ਨੂੰ ਦੰਡ ਵੀ ਦੇਂਦੇ ਹਨ।”3
ਇਸ ਤੋਂ ਵੀ ਸਪੱਸ਼ਟ ਹੈ ਕਿ ਸਿੱਖਾਂ ਦੀ ਰਹਿਤ ਮਰਿਆਦਾ, ਧਾਰਮਿਕ, ਸਮਾਜਿਕ ਮਸਲਿਆਂ ਸੰਬੰਧੀ ‘ਗੁਰੂ-ਪੰਥ’ ਵੱਲੋਂ ਨਿਰਣਾ ਲੈਣ ਦਾ ਅਧਿਕਾਰ ਤਖਤਾਂ ਪਾਸ ਹੈ। ਗੁਰਮਤਿ ਵਿਚਾਰਧਾਰਾ ਦੇ ਧਾਰਣੀ, ਗੁਰਸਿੱਖ ਅਖਵਾਉਣ ਵਾਲਿਆਂ ਪਾਸੋਂ ‘ਗੁਰਮਤਿ ਵਿਚਾਰਧਾਰਾ’ ਦੀ ਹੋਈ ਉਲੰਘਣਾ, ਸਿੱਖੀ ਦੀ ਉੱਚ ਆਤਮਿਕ ਅਵਸਥਾ ਤੋਂ ਡਿੱਗ ਚੁਕਿਆਂ ਨੂੰ ਵੀ ਸੇਧ ਤੇ ਨਵ-ਜੀਵਨ ‘ਤਖ਼ਤਾਂ’ ਤੋਂ ਹੀ ਮਿਲਦਾ ਹੈ। ਖ਼ਾਲਸਾ ਪੰਥ ਦੇ ਪੰਜ ਤਖ਼ਤ ਹਨ ਤੇ ਇਨ੍ਹਾਂ ਵਿਚੋਂ ਸ਼੍ਰੋਮਣੀ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਹੋਏ ਹੁਕਮਨਾਮਿਆਂ, ਆਦੇਸ਼ਾ ਤੇ ਫ਼ੈਸਲਿਆਂ ਦੀ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਪਰ ਜਿਵੇਂ ਕਿ ਅਸੀਂ ਪਹਿਲਾ ਲਿਖ ਚੱਕੇ ਹਾਂ ਕਿ ਹੁਕਮਨਾਮਿਆਂ ਤੇ ਨੀਸਾਣਾਂ ’ਤੇ ਜਿਹੜਾ ਕੰਮ ਹੋਇਆ ਹੈ, ਉਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਕੇਵਲ ਇਕ ਹੀ ਹੱਥ-ਲਿਖਤ ਹੁਕਮਨਾਮੇ ਬਾਰੇ ਉਲੇਖ ਹੈ।
ਗਿਆਨੀ ਨਾਹਰ ਸਿੰਘ ਲਿਖਦੇ ਹਨ ਕਿ ਪਿਛਲੇ 58 ਸਾਲਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਤੋਂ ਪੰਜ ਹੁਕਮਨਾਮੇ4 ਜਾਰੀ ਹੋਏ ਹਨ, ਜਿਨ੍ਹਾਂ ਵਿਚ ਇਕ ਹੁਕਮਨਾਮਾ ਕ੍ਰਿਪਾਨ ਸੰਬੰਧੀ ਤਖ਼ਤ ਹਜ਼ੂਰ ਸਾਹਿਬ ਅਬਚਲ ਨਗਰ, ਨੰਦੇੜ ਤੋਂ 1914 ਈ: ਵਿਚ ਜਾਰੀ ਹੋਇਆ ਤੇ ਬਾਕੀ ਚਾਰ ਹੁਕਮਨਾਮਿਆਂ ਵਿਚ ਉਨ੍ਹਾਂ ਸ੍ਰ: ਗੁਰਦਿਆਲ ਸਿੰਘ ਤੇ ਕਰਤਾਰ ਸਿੰਘ ਬੇਦੀ ਨੂੰ ਤਨਖ਼ਾਹ ਲਾਉਣ, ਬਾਬਾ ਖੜਕ ਸਿੰਘ ਨੂੰ ਸਨਮਾਨਿਤ ਕਰਨ ਤੇ ਬਾਬੂ ਤੇਜਾ ਸਿੰਘ, ਬੀਬੀ ਨਿਰੰਜਨ ਕੌਰ ਨੂੰ ਪੰਥ ਵਿੱਚੋਂ ਖ਼ਾਰਜ ਕਰਨ ਸੰਬੰਧੀ ਸ਼ਾਮਲ ਕੀਤੇ ਹਨ। ਗਿਆਨੀ ਨਾਹਰ ਸਿੰਘ ਨੇ ਇਹ ਪੁਸਤਕ ਦਸੰਬਰ, 1960 ਈ: ਵਿਚ ਪ੍ਰਕਾਸ਼ਤ ਕਰਵਾਈ ਸੀ, ਪਰ ਹੈਰਾਨੀ ਹੈ ਕਿ ਗਿਆਨੀ ਜੀ ਇਸ ਪੁਸਤਕ ਵਿਚ ਹੀ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪ੍ਰਤੀਨਿਧ ਇਕੱਠ ਬੁਲਾਉਣ ਸੰਬੰਧੀ ਹੁਕਮਨਾਮਾ ਪੰਨਾ 189 ’ਤੇ ਸ਼ਾਮਲ ਕਰ ਚੁੱਕੇ ਹਨ। ਇਸ ਤਰ੍ਹਾਂ ਇਹ ਗਿਣਤੀ ਪੰਜ ਨਹੀਂ ਰਹਿੰਦੀ।
ਇਸ ਤੋਂ ਇਲਾਵਾ 1939 ਈ: ਵਿਚ ਜਾਤ-ਪਾਤ ਦੇ ਵਿਰੁੱਧ ਮਹੱਤਵਪੂਰਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋ ਚੁੱਕਾ ਸੀ। ਗਿਆਨੀ ਪ੍ਰਤਾਪ ਸਿੰਘ ਦੇ ਕਥਨ ਅਨੁਸਾਰ, “12 ਕਤਕ, 1936 ਬਿਕ੍ਰਮੀ (1879) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਸਾਂਝਾ ‘ਹੁਕਮਨਾਮਾ’ ਜਾਰੀ ਕੀਤਾ ਕਿ ਸਾਰੇ ਸਿੱਖ ਸਿੰਘ ਸਭਾ ਲਹਿਰ ਨੂੰ ਸਫਲ ਬਣਾਉਣ ਲਈ ਮਿਲਵਰਤਣ ਦੇਣ।”5
ਸਿੰਘ ਸਭਾ ਲਹਿਰ ਸਿੱਖਾਂ ਵਿਚ ਨਵ-ਜਾਗਰਤੀ ਪੈਦਾ ਕਰਨ ਵਾਲੀ ਮਹੱਤਵਪੂਰਨ ਲਹਿਰ ਸੀ ਜਿਸ ਦੇ ਹੱਕ ਵਿਚ ਤਖ਼ਤ ਸਾਹਿਬਾਨ ਵਲੋਂ ਹੁਕਮਨਾਮਾ ਜਾਰੀ ਕਰਨਾ ਧਾਰਮਿਕ ਤੇ ਇਤਿਹਾਸਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਪਰ ਅਫ਼ਸੋਸ ਕਿ ਅਜਿਹੇ ਮਹੱਤਵਪੂਰਨ ਹੁਕਮਨਾਮਿਆਂ ਦੀ ਸੰਭਾਲ ਨਹੀ ਹੋ ਸਕੀ। ਇਸ ਹੁਕਮਨਾਮੇ ਦੀ ਭਾਵਨਾ ਦੇ ਪ੍ਰਤੀਕੂਲ ਸਿੰਘ ਸਭਾ ਲਹਿਰ ਦੇ ਆਗੂ ਪ੍ਰੋ: ਗੁਰਮੁਖ ਸਿੰਘ ਨੂੰ ਪੰਥ ਵਿਚੋਂ ਖ਼ਾਰਜ ਕਰਨ ‘ਹੁਕਮਨਾਮਾ’ 18 ਮਾਰਚ, 1887 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਜਾਰੀ ਕੀਤਾ ਗਿਆ, ਜਿਸ ਨੂੰ ਗੁਰਮਤਿ ਮਰਿਆਦਾ ਦੇ ਪ੍ਰਤੀਕੂਲ ਦੱਸਦਿਆਂ 25 ਦਸੰਬਰ, 1995 ਨੂੰ ਪ੍ਰੋ: ਗੁਰਮੁਖ ਸਿੰਘ ਹੋਰਾਂ ਨੂੰ ਅਕਾਲੇ ਚਲਾਣੇ ਉਪਰੰਤ ਵਿਸ਼ਵ ਸਿੱਖ ਸੰਮੇਲਨ ਸਮੇਂ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੰਤਵ ਨੂੰ ਪੂਰਾ ਕਰਨ ਲਈ ਸਾਰੇ ਪੰਥ ਨੂੰ ਜਥੇਬੰਦ ਕਰ ਕੇ ਪੰਥ ਦੀ ਇਕ ਪ੍ਰਤੀਨਿਧ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ ਦੀ ਮਨਸ਼ਾ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ ਅਨੁਸਾਰ ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਇਆ। ਇਸ ਇਕੱਠ ਵਿਚ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਸੋਧ-ਸੁਧਾਈ ਕਰਨੀ ਸੀ। ਪੰਜ ਪਿਆਰੇ (1) ਸੰਤ ਭਾਈ ਤੇਜਾ ਸਿੰਘ ਐਮ.ਏ ਮਸਤੂਆਣਾ, (2) ਭਾਈ ਜੋਧ ਸਿੰਘ ਐਮ.ਏ., (3) ਬਾਬਾ ਹਰਿਕ੍ਰਿਸ਼ਨ ਸਿੰਘ ਐਮ,ਏ., (4) ਜਥੇਦਾਰ ਭਾਈ ਤੇਜਾ ਸਿੰਘ, ਸੈਂਟਰਲ ਮਾਝਾ ਦੀਵਾਨ, (5) ਸਰਦਾਰ ਬਲਵੰਤ ਸਿੰਘ ਰਈਸ ਕੱਲਾ ਸਨ। 22 ਨਵੰਬਰ, 1920 ਨੂੰ ਇਸ ਕਮੇਟੀ ਦੀ ਪਹਿਲੀ ਇਕੱਤਰਤਾ ਹੋਈ, ਉਸ ਦਿਨ ਪੰਜ ਪਿਆਰਿਆਂ ਨੇ ਕਮੇਟੀ ਦੇ ਇਕ ਹੋਰ ਮੈਂਬਰ ਦੀ ਸੋਧ ਕੀਤੀ। ਇਨ੍ਹਾਂ ਵਿਚ ਸ੍ਰ: ਸੁੰਦਰ ਸਿੰਘ ਮਜੀਠੀਆ ਵੀ ਸ਼ਾਮਲ ਸਨ। ਉਪਰੰਤ ਜਦੋਂ ਸਾਰੇ ਮੈਂਬਰ ਪੰਜ ਪਿਆਰਿਆਂ ਦੇ ਨਾਲ ਸ੍ਰੀ ਅਕਲ ਤਖ਼ਤ ਸਾਹਿਬ ਦੇ ਸਾਹਮਣੇ ਸੰਗਤ ਵਿਚ ਹਾਜ਼ਰ ਹੋਏ ਅਤੇ ਮਜੀਠੀਆ ਜੀ ਨੇ, ਜਿਨ੍ਹਾਂ ਸੰਬੰਧੀ ਉਨ੍ਹਾਂ ਦੇ ਸਰਕਾਰ ਦਾ ਪਿੱਠੂ ਹੋਣ ਦਾ ਦੋਸ਼ ਸੀ, ਪੰਜ ਪਿਆਰਿਆਂ ਦੀ ਆਗਿਆ ਪਾ ਕੇ “ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ” ਸ਼ਬਦ ਪੜ੍ਹਦੇ ਹੋਏ ਅਤਿ ਨਿਮਰਤਾ ਵਿਚ ਸੰਗਤ ਨੂੰ ਨਿਸ਼ਚਾ ਦਿਵਾਇਆ ਕਿ ਉਨ੍ਹਾਂ ਜਾਣ ਬੁੱਝ ਕੇ ‘ਗੁਰੂ-ਪੰਥ’ ਦੀ ਅਵੱਗਿਆ ਕਦੇ ਨਹੀਂ ਕੀਤੀ ਅਤੇ ਨਾ ਹੀ ਅਗੋਂ ਕਰਨਗੇ। ਸੰਗਤ ਨੇ ਗੁਰੂ-ਪੰਥ ਦੇ ਬਖ਼ਸ਼ਿੰਦ ਹੋਣ ਦਾ ਬਿਰਧ ਪਾਲਦੇ ਹੋਏ, ਉਨ੍ਹਾਂ ਨੂੰ ਮੁਆਫ਼ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਚੁਣਿਆ।6 ਇਸ ਤਰ੍ਹਾਂ ਸਿੱਖਾਂ ਦੀ ਪ੍ਰਮੁੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਟਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ, ਜੋ ਅੱਜ ਵੀ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸ਼੍ਰੋਮਣੀ ਸੰਸਥਾਂ ਵਜੋਂ ਕਾਰਜਸ਼ੀਲ ਹੈ।
‘ਨਾਨਕ ਨਿਰਮਲ ਪੰਥ’ ਦੇ ਹੋਂਦ ਵਿਚ ਆਉਣ ਸਮੇਂ ਭਾਰਤੀ ਸਮਾਜ, ਧਰਮ, ਜਾਤ-ਪਾਤ, ਵਰਣ, ਵਰਗ-ਵੰਡ ਤੇ ਛੂਤ-ਛਾਤ ਵਿਚ ਵੰਡਿਆ ਹੋਇਆ ਸੀ। ਗੁਰੂ ਸਾਹਿਬਾਨ ਨੇ ਮਾਨਵ ਬਰਾਬਰੀ ਲਈ ਬੁਲੰਦ ਆਵਾਜ਼ ਵਿਚ ਧਾਰਮਿਕ, ਸਮਾਜਿਕ ਨਾਬਰਾਬਰੀ ਦੇ ਵਿਰੁੱਧ ਮੁਹਿੰਮ ਆਰੰਭੀ ਅਤੇ ਗੁਰਬਾਣੀ ਵਿਚ ਜਾਤ-ਪਾਤ, ਵਰਗ-ਵੰਡ ਦਾ ਸਖ਼ਤ ਸ਼ਬਦਾਵਲੀ ਵਿਚ ਖੰਡਨ ਕੀਤਾ। ਗੁਰਮਤਿ ਵਿਚਾਰਧਾਰਾ ਨੂੰ ਅਮਲੀ ਰੂਪ ਵਿਚ ਪ੍ਰਗਟ ਕਰਨ, ਬਰਾਬਰਤਾ, ਸਾਂਝੀਵਾਲਤਾ ਤੇ ਭਰਾਤਰੀ-ਭਾਵ ਨੂੰ ਰੂਪਮਾਨ ਕਰਨ ਲਈ ‘ਸੰਗਤ-ਪੰਗਤ’ ਦੀ ਸੰਸਥਾ ਦੀ ਅਰੰਭਤਾ ਕੀਤੀ, ਜਿਸ ਵਿਚ ਬਿਨਾਂ ਕਿਸੇ ਵਿਤਕਰੇ, ਵਖਰੇਵੇਂ ਦੇ ਹਰ ਮਾਨਵ ਬਰਾਬਰਤਾ ਦਾ ਅਹਿਸਾਸ ਮਹਿਸੂਸ ਕਰ ਸਕਦਾ ਹੈ। ਗੁਰਬਾਣੀ ਦਾ ਸਪੱਸ਼ਟ ਆਦੇਸ਼ ਹੈ ਕਿ ਮਨੁੱਖ ਦੀ ਜਾਤ ‘ਜਨਮ’ ਕਰਕੇ ਨਹੀਂ ‘ਕਰਮ’ ਕਰਕੇ ਹੈ ਅਤੇ ਸਾਨੂੰ ਕਿਸੇ ਮਨੁੱਖ ਦੀ ਜਾਤ ਨਹੀਂ ਪੁੱਛਣੀ, ਸਗੋਂ ਜਿਸ ‘ਜੋਤਿ’ ਤੋਂ ਮਨੁੱਖ ਪੈਦਾ ਹੋਇਆ ਹੈ, ਉਸ ਨਾਲ ਜੁੜਨਾ ਚਾਹੀਦਾ ਹੈ :

ਜਾਣਹੁ ਜੋਤਿ ਨ ਪੂਛਹੁ ਜਾਤੀ ਅਗੈ ਜਾਤਿ ਨ ਹੇ ॥7
ਜਾਂ
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥8

ਪਰ ਅਫ਼ਸੋਸ ਕਿ ਜਾਤ-ਪਾਤ ਦੀ ਭਿਆਨਕ ਬਿਮਾਰੀ ਨਾ ਕੇਵਲ ਭਾਰਤੀ ਸਮਾਜ ਵਿਚ ਹੀ ਹੈ, ਸਗੋਂ ‘ਗੁਰੂ ਨਾਨਕ ਨਾਮ-ਲੇਵਾ’ ਗੁਰਸਿੱਖ ਵੀ ਇਸ ਤੋਂ ਬਚ ਨਹੀਂ ਸਕੇ। ਸਿੱਖ ਅਖਵਾਉਣ ਵਾਲਿਆਂ ਜਾਤ-ਪਾਤ ਦੀ ਬਮਾਰੀ ਨੂੰ ਤਿਲਾਂਜਲੀ ਦੇਣ ਦੀ ਥਾਂ ਜਾਤਾਂ, ਗੋਤਾਂ, ਕਿੱਤਿਆਂ ਆਧਾਰਿਤ ਵੰਡ ਕਰਕੇ ਆਪੋ-ਆਪਣੇ ਗੁਰਦੁਆਰੇ ਉਸਾਰਨੇ ਸ਼ੁਰੂ ਕਰ ਦਿੱਤੇ। ਸ਼ਾਇਦ ਇਸ ਸਮਾਜਿਕ ਬਿਮਾਰੀ ਨੂੰ ਦੂਰ ਕਰਨ ਲਈ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 13 ਜੂਨ, 1939 ਨੂੰ ਹੁਕਮਨਾਮਾ ਜਾਰੀ ਹੋਇਆ। ਪਰ ਜਾਣੇ-ਅਣਜਾਣੇ ਅੱਜ ਵੀ ਬਹੁਤ ਸਾਰੇ ਗੁਰਸਿੱਖ ਕਹਾਉਣ ਵਾਲੇ ਗੁਰਮਤਿ ਸਿਧਾਂਤ ਨੂੰ ਅਮਲ ਵਿਚ ਪ੍ਰਗਟ ਕਰਨ ਲਈ ਜਾਰੀ ਹੋਏ ਹੁਕਮਨਾਮੇ ਦੀ ਪਾਲਣਾ ਨਹੀਂ ਕਰ ਰਹੇ। ਇਸ ਦੇ ਕਾਰਨਾਂ ’ਚੋਂ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਗੁਰਸਿੱਖਾਂ ਨੂੰ ਇਸ ਇਤਿਹਾਸਕ ਹੁਕਮਨਾਮੇ ਦੀ ਜਾਣਕਾਰੀ ਨਾ ਹੋਵੇ।
ਗੁਰਮਤਿ ਵਿਚਾਰਧਾਰਾ ਨੂੰ ਦ੍ਰਿੜ੍ਹ ਕਰਾਉਣ, ਗੁਰਸਿੱਖੀ ਜੀਵਨ ਵਿਚ ਆਈ ਢਿਲਿਆਈ ਨੂੰ ਦੂਰ ਕਰ ਕੇ ਚੜ੍ਹਦੀ ਕਲਾ ਦਾ ਜੀਵਨ ਬਸਰ ਕਰਨ ਅਤੇ ਗੁਰਸਿੱਖੀ ਜੀਵਨ ਜਿਉਣ, ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿਚ ਅਨਿੱਖੜਵਾਂ ਯੋਗਦਾਨ ਪਾਉਣ ਵਾਲੀਆਂ ਗੁਰੂ-ਦਰ ਤੋਂ ਵਰੋਸੋਈਆਂ ਰੂਹਾਂ ਨੂੰ ‘ਸ੍ਰੀ ਅਕਾਲ ਤਖ਼ਤ ਸਾਹਿਬ’ ਤੋਂ ਮਾਣ ਸਤਿਕਾਰ ਵਜੋਂ ਪ੍ਰਸੰਸਾ-ਪੱਤਰ ਨੁਮਾ ਹੁਕਮਨਾਮੇ ਬਖ਼ਸ਼ਿਸ਼ ਕੀਤੇ ਗਏ।
ਜੋ ਸਿੱਖ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਪ੍ਰਵਾਨ ਨਹੀਂ ਕਰਦਾ, ਉਹ ਹਮੇਸਾ ਹੀ ਖ਼ੁਆਰ ਹੁੰਦੇ ਹਨ। ਅਸਲ ਵਿਚ ਫੁੱਲ ਜਿਵੇਂ ਟਾਹਣੀ ਨਾਲੋਂ ਅਲੱਗ ਹੋ ਕੇ ਥੋੜੇ ਸਮੇਂ ਵਿਚ ਹੀ ਆਪਣੀ ਖ਼ੁਸ਼ਬੋਈ ਗਵਾ, ਕੁਮਲਾ-ਸੁੱਕ ਆਪਣੀ ਹੋਂਦ-ਹਸਤੀ ਤੋਂ ਹੱਥ ਧੋ ਬੈਠਦਾ ਹੈ, ਇਸ ਤਰ੍ਹਾਂ ਹੀ ਸਿੱਖ ‘ਗੁਰੂ-ਪੰਥ’ ਦੀ ਪ੍ਰਤੀਨਿਧ ਸਰਵਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਮਰਿਆਦਾ ਤੋਂ ਟੁੱਟ ਕੇ ਖ਼ੁਸ਼ੀਆਂ, ਖੇੜਿਆਂ ਤੇ ਚੜ੍ਹਦੀ ਕਲਾ ਦੇ ਜੀਵਨ ਤੋਂ ਹੱਥ ਦੋ ਬੈਠਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨਾਲੋਂ ਅਲੱਗ ਹੋ ਕੇ ਗੁਰਸਿੱਖ ਦੀ ਰੂਹ ਕੁਮਲਾ ਜਾਂਦੀ ਹੈ, ਖ਼ੁਸ਼ੀਆਂ, ਖੇੜਿਆਂ ਦੀ ਥਾਂ ਆਲਸ, ਦਲਿੱਦਰ ਤੇ ਬਿਮਾਰੀ ਲੈ ਲੈਂਦੀ ਹੈ। ਇਤਿਹਾਸ ਵਿਚ ਅਸੀਂ ਦੇਖਦੇ ਹਾਂ, ਕੁਝ ਸਮੇਂ ਵਾਸਤੇ ਤਾਂ ਕੁਝ ਇਕ ਗੁਰਸਿੱਖ ਅਖਵਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੇ ਪ੍ਰੰਪਰਾ ਤੋਂ ਆਕੀ ਹੋਏ, ਪਰ ਜਦ ਉਨ੍ਹਾਂ ਦੀ ਜੀਵਨ-ਲੀਲ੍ਹਾ ਨੂੰ ਨਿਰਾਸਤਾ, ਆਲਸ, ਦਲਿੱਦਰ, ਬਿਮਾਰੀ ਆਦਿ ਨੇ ਘੇਰ ਲਿਆ ਤਾਂ ਉਹ ਦੇਰ-ਸਵੇਰ ‘ਗੁਰੂ-ਪੰਥ’ ਦੀ ਸ਼ਰਨ ਆ, ਫਿਰ ਸਵੈਮਾਣ ਤੇ ਸਤਿਕਾਰ ਦਾ ਜੀਵਨ ਜੀਉਣ ਲੱਗੇ।
ਤਖ਼ਤ ਸਾਹਿਬਾਨ ਤੋਂ ਸਮੇਂ-ਸਮੇਂ ਜਾਰੀ ਹੋਏ ਹੁਕਮਨਾਮਿਆਂ ਤੋਂ ਇਕ ਗੱਲ ਬੜੀ ਸਪੱਸ਼ਟ ਹੁੰਦੀ ਹੈ ਕਿ ਪੰਜਾਂ ਹੀ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਮਿਲ-ਬੈਠ ਕੇ ਫ਼ੈਸਲੇ ਕਰਨ ਦੀ ਪ੍ਰੰਪਰਾ ਨਹੀਂ ਰਹੀ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਦੂਸਰੇ ਤਖ਼ਤਾਂ ਤੋਂ ਪ੍ਰੋੜ੍ਹਤਾ, ਪ੍ਰਚਾਰ-ਪ੍ਰਸਾਰ ਵਜੋਂ ਜਾਰੀ ਕੀਤਾ ਗਿਆ। ਜਿਵੇਂ ਬਾਬੂ ਤੇਜਾ ਸਿੰਘ ਤੇ ਬੀਬੀ ਨਿਰੰਜਣ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ 9 ਅਗਸਤ, 1928 ਨੂੰ ਪੰਥ ਵਿਚੋਂ ਖਾਰਜ਼ ਕੀਤਾ ਗਿਆ। ਇਨ੍ਹਾਂ ਅੱਖਰਾ ਵਾਲੀ ਇਬਾਰਤ ਵਾਲਾ ਹੁਕਮਨਾਮਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੱਤ ਭਾਦਰੋਂ ਸੰ: ਨਾਨਕਸ਼ਾਹੀ 459 ਮੁਤਾਬਿਕ 7 ਭਾਦਰੋਂ ਸੰ: ਬਿਕ੍ਰਮੀ 1985 ਮੁਤਾਬਿਕ 22 ਅਗਸਤ, 1928 ਨੂੰ ਤਖ਼ਤ ਸਾਹਿਬ ਦੀ ਮੋਹਰ ਲੱਗ ਕੇ ਜਾਰੀ ਹੋਇਆ ।9
ਲਗਭਗ ਇਸ ਹੀ ਸ਼ਬਦਾਵਲੀ ਵਿਚ ਇਹੀ ਹੁਕਮਨਾਮਾ ਮਾਘ ਦੀ ਸੰਗਰਾਂਦ, ਬਿਕ੍ਰਮੀ 1985, ਨਾਨਕਸ਼ਾਹੀ 459, 13 ਜਨਵਰੀ, 1929 ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਜਾਰੀ ਹੋਇਆ, ਜਿਸ ’ਤੇ ਪੰਜਾਂ ਸਿੰਘਾਂ ਦੇ ਦਸਤਖ਼ਤ ਤੇ ਅਹੁਦੇ ਦਰਸਾਏ ਗਏ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਗਏ ਹੁਕਮਨਾਮਿਆਂ, ਆਦੇਸ਼ਾ, ਸੰਦੇਸ਼ਾਂ… ਨੂੰ ਪੜ੍ਹਨ ਵਿਚਾਰਨ ਤੋਂ ਬਾਅਦ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸਾਰੇ ਹੀ ਫ਼ੈਸਲੇ ‘ਪੰਜ ਪਿਆਰਿਆਂ’ ਵੱਲੋਂ ਜਾਰੀ ਕੀਤੇ ਗਏ ਹਨ, ਹਾਲਾਂਕਿ ਕੁਝ ਇਕ ਹੁਕਮਨਾਮਿਆਂ ’ਤੇ ਹੁਕਮਨਾਮਾ ਜਾਰੀ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੀ ਦਸਤਖ਼ਤ ਹਨ, ਪਰ ਇਨ੍ਹਾਂ ਹੁਕਮਨਾਮਿਆਂ ਦੇ ਸ਼ੁਰੂ ਵਿਚ ‘ਪੰਜ ਪਿਆਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮਿਲ-ਬੈਠ ਕੇ ਵਿਚਾਰਾਂ ਕਰਨ ਉਪਰੰਤ ਲਏ ਗਏ ਫ਼ੈਸਲੇ ਵੱਲ ਸਪੱਸ਼ਟ ਸੰਕੇਤ ਹੈ। ਬਹੁਤ ਸਾਰੇ ਹੁਕਮਨਾਮਿਆਂ ’ਤੇ ‘ਪੰਜ ਪਿਆਰਿਆਂ’ ਦੇ ਬਾਕਾਇਦਾ ਦਸਤਖ਼ਤ ਹਨ।
ਉਪ੍ਰੋਕਤ ਇਤਿਹਾਸਕ ਹਵਾਲਿਆਂ ਦੇ ਪ੍ਰਸੰਗ ਵਿਚ ਅਸੀਂ ਕਹਿ ਸਕਦੇ ਹਾਂ ਕਿ ‘ਗੁਰੂ-ਪੰਥ’ ਦੇ ਪ੍ਰਤੀਨਿਧਾਂ ਵਜੋਂ ਪੰਜ ਪਿਆਰਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਕਰਨ ਦਾ ਪੰਥਕ ਵਿਧਾਨ ਤੇ ਪਰੰਪਰਾ ਹੈ। ਗੁਰਮਤਿ ਵਿਚਾਰਧਾਰਾ ਦਾ ਧਾਰਣੀ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ, ਆਦੇਸ਼ਾਂ, ਸੰਦੇਸ਼ਾਂ… ਨੂੰ ਮੰਨ, ਗੁਰਸਿੱਖ ‘ਗੁਰੂ-ਪੰਥ’ ਪ੍ਰਤੀ ਰਿਣ-ਪੂਰਤੀ ਕਰਦੇ ਹਨ।
1. ਡਾ: ਹਰਜਿੰਦਰ ਸਿੰਘ ਦਿਲਗੀਰ, ਅਕਾਲ ਤਖ਼ਤ ਸਾਹਿਬ, ਪੰਨਾ 12.
2. ਗਿਆਨੀ ਇੰਦਰ ਸਿੰਘ ਗਿੱਲ-ਕਵਿ ਸੋਹਣ ਜੀ, ਸ੍ਰੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਪੰਨਾ 150.
3. ਗਿ: ਪ੍ਰਤਾਪ ਸਿੰਘ, ਨਵੇਂ ਤਖ਼ਤ ਬਾਰੇ ਵਿਚਾਰ, ਪੰਨਾ 3.
4. ਗਿ: ਨਾਹਰ ਸਿੰਘ, ਆਜ਼ਾਦੀ ਦੀਆਂ ਲਹਿਰਾਂ, ਪੰਨਾ 289.
5. ਉਹੀ, ਪੰਨਾ 189.
6. ਨਰੈਣ ਸਿੰਘ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਪੰਨਾ 16.
7. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 349
8. ਉਹੀ, ਪੰਨਾ 1330.
9. ਗਿ: ਨਾਹਰ ਸਿੰਘ, ਆਜ਼ਾਦੀ ਦੀਆਂ ਲਹਿਰਾਂ , ਪੰਨਾ 295.
ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ’ ਵਿਚੋਂ ਧੰਨਵਾਦਿ ਸਹਿਤ।