ਅੰਮ੍ਰਿਤਸਰ : 26 ਸਤੰਬਰ (        ) ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ 9 ਅਕਤੂਬਰ 2016 ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੀਕ ਗੁਰਮਤਿ ਸਮਾਗਮ ਕਰਵਾਏ ਜਾਣਗੇ।

ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਰਣਜੀਤ ਸਿੰਘ ਗੌਹਰ ਤੇ ਭਾਈ ਕ੍ਰਿਸਨ ਸਿੰਘ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣਗੇ। ਇਸ ਦੇ ਇਲਾਵਾ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਰਛਪਾਲ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਨਾਮਵਰ ਢਾਡੀ ਤੇ ਕਵੀਸ਼ਰੀ ਜਥਿਆਂ ਵਿੱਚ ਗਿਆਨੀ ਮੇਜਰ ਸਿੰਘ ਖਾਲਸਾ, ਬੀਬੀ ਰਣਬੀਰ ਕੌਰ ਖਾਲਸਾ, ਭਾਈ ਸੁੱਚਾ ਸਿੰਘ ਤੇ ਭਾਈ ਸਤਨਾਮ ਸਿੰਘ ਦੇ ਜਥਿਆਂ ਵੱਲੋਂ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਇਸ ਦਿਨ ਪ੍ਰੀਵਾਰਾਂ ਸਮੇਤ ਪਹੁੰਚ ਕੇ ਕਲਗੀਧਰ ਦਸਮੇਸ਼ ਪਿਤਾ ਦੀਆਂ ਰਹਿਮਤਾਂ, ਬਖਸ਼ਿਸ਼ਾਂ ਅਤੇ ਖੁਸ਼ੀਆਂ ਦੇ ਪਾਤਰ ਬਨਣ ਅਤੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਣ।