27-12-2015ਅੰਮ੍ਰਿਤਸਰ 27 ਦਸੰਬਰ- ਨੀਲੇ ਦੇ ਸ਼ਾਹ ਅਸਵਾਰ, ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ-ਛੋਟੇ ਲਾਲਾਂ, ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਜਿਸ ਵਿੱਚ ਰਾਗੀ ਸਿੰਘਾਂ ਨੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ, ਪੰਥ ਪ੍ਰਸਿੱਧ ਢਾਡੀ ਅਤੇ ਕਵੀਸ਼ਰ ਸਿੰਘਾਂ ਨੇ ਬੀਰ ਰਸੀ ਅਤੇ ਵੈਰਾਗਮਈ ਵਾਰਾਂ ਗਾ ਕੇ ਸੰਗਤਾਂ ਨੂੰ ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਬਾਹਰ ਪੰਡਾਲ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼ਹੀਦਾਂ ਦੇ ਰਕਤ ਨਾਲ ਸਿੰਜੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਇਤਿਹਾਸਕ ਤੇ ਧਾਰਮਿਕ ਪੱਖ ਤੋਂ ਬਹੁਤ ਮਹੱਤਤਾ ਰੱਖਦੀ ਹੈ।ਉਨ੍ਹਾਂ ਕਿਹਾ ਕਿ ਏਥੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਛੋਟੇ ਲਾਲਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੇ ਦੇਸ਼, ਕੌਮ ਤੇ ਧਰਮ ਦੀ ਰੱਖਿਆ ਲਈ ਅਦੁੱਤੀ ਸ਼ਹਾਦਤ ਦਿੱਤੀ, ਜਿਸ ਦੀ ਦੁਨੀਆਂ ਵਿਚ ਕਿਤੇ ਮਿਸਾਲ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਧਰਮ ਤੇ ਕੌਮ ਲਈ ਸੱਚੇ ਪਿਆਰ ਦੀ ਜਿੱਥੇ ਹਾਮੀ ਭਰਦਾ ਹੈ, ਓਥੇ ਜ਼ਬਰ, ਜ਼ੁਲਮ ਤੇ ਜ਼ਾਲਿਮ ਖਿਲਾਫ਼ ਡੱਟਣ ਦਾ ਸੰਦੇਸ਼ ਵੀ ਦੇਂਦਾ ਹੈ ਅਤੇ ਇਹੋ ਕਾਰਣ ਹੀ ਸੀ ਕਿ ਜ਼ਬਰ-ਜ਼ੁਲਮ ਤੇ ਹੰਕਾਰ ਦੇ ਅੱਗੇ ਗੁਰੂ ਦੇ ਲਾਲ ਅਡੋਲ ਰਹਿ ਕੇ ਸ਼ਹੀਦੀ ਪਾ ਗਏ, ਪਰ ਆਪਣਾ ਧਰਮ ਨਹੀਂ ਛੱਡਿਆ।ਉਨ੍ਹਾਂ ਕਿਹਾ ਮੈਂ ਸਿੱਖ ਨੌਜਵਾਨੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਰਹਿੰਦ ਦੀਆਂ ਦੀਵਾਰਾਂ ਤੋਂ ਸੇਧ ਲੈ ਕੇ ਗੁਰੂ ਵਾਲੇ ਬਨਣ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਣ।ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਬਾਰੰ-ਬਾਰ ਪ੍ਰਨਾਮ ਕਰਦਾ ਹਾਂ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕੁਰਬਾਨੀਆਂ ਪਿੱਛੇ ਅਸਲ ਮਕਸਦ ਨੂੰ ਜਾਣਨ ਕਿ ਕਿਉਂ ਛੋਟੇ ਲਾਲਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ? ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੰਗਤਾਂ ਦੂਰ-ਦੂਰ ਤੋਂ ਆ ਕੇ ਨਾ ਸਿਰਫ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ ਬਲਕਿ ਸੇਵਾ ਵੀ ਕਰਦੀਆਂ ਹਨ, ਪਰ ਅਜੋਕੇ ਸਮੇਂ ਵਿੱਚ ਪ੍ਰਮੁੱਖ ਲੋੜ ਸਿੱਖੀ ਸਿਧਾਤਾਂ ਨੂੰ ਅਪਨਾਉਣ ਦੀ ਵੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰੋਂ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਅਸੀ ਦਸਮੇਸ਼ ਪਿਤਾ ਦੇ ਪੁੱਤਰ ਬਣਨ ਦੇ ਲਾਇਕ ਹਾਂ! ਜੇਕਰ ਇਸ ਸਵਾਲ ਦਾ ਜਵਾਬ ਸਾਨੂੰ ਮਿਲ ਜਾਵੇ ਤਾਂ ਅਸੀ ਆਪ ਮੁਹਾਰੇ ਅਕਾਲ ਪੁਰਖ ਦੇ ਨੇੜੇ ਹੋ ਜਾਵਾਂਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਜਨਵਰੀ ਮਹੀਨੇ ਤੋਂ ਪੰਜਾਬ ਦੇ ਪਿੰਡ-ਪਿੰਡ ਵਿੱਚ ਆਪਣੇ ਸਾਧਨਾਂ ਰਾਹੀਂ ਪ੍ਰਚਾਰ ਕੀਤਾ ਜਾਵੇਗਾ ਤੇ ਦਿਨੋ-ਦਿਨ ਪਤਿਤ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪ੍ਰੇਰ ਕੇ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਸ. ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਕਮੇਟੀ ਮੈਂਬਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦਾ ਇਤਿਹਾਸ ਜਿੰਨਾ ਵੀ ਪੜ੍ਹਿਆ ਗਿਆ ਹੈ ਉਸ ਬਾਰੇ ਸਾਰੇ ਇਹ ਜਾਣਦੇ ਹਨ ਕਿ ਪਿਤਾ ਲਈ ਪੁੱਤਰਾਂ ਦਾ ਵਿਛੋੜਾ ਕਿੰਨਾ ਅਸਹਿ ਹੁੰਦਾ ਹੈ, ਪਰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਤੇ ਮਨੁੱਖੀ ਹੱਕਾਂ ਲਈ ਆਪਣਾ ਸਰਬੰਸ ਵਾਰ ਦਿੱਤਾ ਅਤੇ ਦਬੇ-ਕੁਚਲੇ ਲੋਕਾਂ ਨੂੰ ਇਕ ਥਾਂ ਇਕੱਠੇ ਕਰਦਿਆਂ ਵਿਲੱਖਣ ਖਾਲਸਾ ਪੰਥ ਦੀ ਸਿਰਜਨਾ ਕੀਤੀ।ਉਨ੍ਹਾਂ ਕਿਹਾ ਕਿ ਖਾਲਸੇ ਦੀ ਚੜ੍ਹਦੀ ਕਲਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਲਾਲਾਂ ਦੀ ਕੁਰਬਾਨੀ ਦਿੱਤੀ ਹੈ ਜੋ ਸਮੁੱਚੇ ਸੰਸਾਰ ਦੇ ਦਿਲਾਂ ਵਿੱਚ ਅਮਿਟ ਛਾਪ ਛੱਡ ਗਈ ਹੈ।ਉਨ੍ਹਾਂ ਕਿਹਾ ਕਿ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸਿੱਖੀ ਸੰਭਾਲ ਦੀ ਵਿਚਾਰਧਾਰਾ ਦੇ ਸੁਨੇਹੇ ਨੂੰ ਅਮਲੀ ਰੂਪ ਵਿੱਚ ਅਪਨਾਉਣਾ ਚਾਹੀਦਾ ਹੈ, ਇਹ ਹੀ ਮਹਾਨ ਸ਼ਹੀਦਾਂ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਸ. ਅਮਰਜੀਤ ਸਿੰਘ ਚਾਵਲਾ, ਸ. ਰਵਿੰਦਰ ਸਿੰਘ ਖਾਲਸਾ ਤੇ ਬੀਬੀ ਸੁਰਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਕਿਰਪਾਲ ਸਿੰਘ ਬੰਡੂਗਰ ਤੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ: ਹਰਚਰਨ ਸਿੰਘ ਮੁੱਖ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ੍ਰ:; ਸਕੱਤਰ ਸਿੰਘ ਤੇ ਸ੍ਰ: ਹਰਜੀਤ ਸਿੰਘ ਮੀਤ ਸਕੱਤਰ,  ਸ.ਅਮਰਜੀਤ ਸਿੰਘ ਮੈਨੇਜਰ, ਸ੍ਰ: ਰਜਿੰਦਰ ਸਿੰਘ ਐਡੀ: ਮੈਨੇਜਰ, ਸ੍ਰ: ਅਮਰਜੀਤ ਸਿੰਘ ਅਕਾਉਂਟੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ,  ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।