001 copy
ਅੰਮ੍ਰਿਤਸਰ : ੨੬ ਜੁਲਾਈ (        ) ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਪਟਨਾ ਸਾਹਿਬ ਵਿਖੇ ਹੋ ਰਹੇ ਗੁਰਮਤਿ ਸਮਾਗਮਾਂ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਹੋਈ।ਜਿਸ ਵਿੱਚ ਸ੍ਰ: ਗੁਰਿੰਦਰਪਾਲ ਸਿੰਘ ਚੇਅਰਮੈਨ ਸ਼ਤਾਬਦੀ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸ੍ਰ: ਸੁਖਜਿੰਦਰ ਸਿੰਘ ਜਨਰਲ ਸਕੱਤਰ ਤੇ ਸ੍ਰ: ਸੁਮੀਤ ਸਿੰਘ ਕਲਸੀ ਚੀਫ਼ ਕੋ-ਆਰਡੀਨੇਟਰ ਦੇ ਇਲਾਵਾ ਦਫ਼ਤਰ ਸ਼੍ਰੋਮਣੀ ਕਮੇਟੀ ਅਧਿਕਾਰੀ ਸ੍ਰ: ਦਿਲਜੀਤ ਸਿੰਘ ਬੇਦੀ ਤੇ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਨੇ ਸ਼ਮੂਲੀਅਤ ਕੀਤੀ।ਇਕੱਤਰਤਾ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਉੇਤਸਵ ਸਮੇਂ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਵਿਚਾਰ-ਚਰਚਾ ਕੀਤੀ ਗਈ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪੰਜਾਬ, ਹਿਮਾਚਲ ਤੇ ਬਿਹਾਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ੩੫੦ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਸਮਾਗਮ ਕਰਵਾਏ ਜਾਣੇ ਹਨ ਉਨ੍ਹਾਂ ਦੀ ਰੂਪ-ਰੇਖਾ ਦੱਸਦਿਆਂ ਕਿਹਾ ਕਿ ਪਹਿਲਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ੫੨ ਕਵੀਆਂ ਦਾ ਕਾਵਿ ਸੰਮੇਲਨ (ਪੰਜਾਬੀ, ਹਿੰਦੀ, ਉਰਦੂ) ੧੮ ਅਗਸਤ ੨੦੧੬ ਵੀਰਵਾਰ ਸਵੇਰੇ ੧੦-੦੦ ਤੋਂ ਰਾਤ ੧੦-੦੦ ਵਜੇ ਤੀਕ ਹੋਵੇਗਾ। ਉਨ੍ਹਾਂ ਦੱਸਿਆ ਕਿ ਦੂਸਰਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ੨੯ ਅਗਸਤ ੨੦੧੬ ਸੋਮਵਾਰ ਸਵੇਰੇ ੧੧-੦੦ ਤੋਂ ਦੁਪਹਿਰ ੩-੦੦ ਵਜੇ ਤੀਕ ਹੋਵੇਗਾ।ਇਸੇ ਤਰ੍ਹਾਂ ਤੀਸਰਾ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਜਫ਼ਰਨਾਮਾ ਸਾਹਿਬ ਦੀਨਾ ਕਾਂਗੜ (ਮੋਗਾ) ਵਿਖੇ ੧੬ ਸਤੰਬਰ ਸ਼ੁੱਕਰਵਾਰ ਸਵੇਰੇ ੧੦-੦੦ ਵਜੇ ਤੋਂ ਦੁਪਹਿਰ ੩-੦੦ ਵਜੇ ਤੀਕ ਹੋਵੇਗਾ। ਚੌਥਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ੯ ਅਕਤੂਬਰ ੨੦੧੬ ਐਤਵਾਰ ਸਵੇਰੇ ੧੦-੦੦ ਵਜੇ ਤੋਂ ਦੁਪਹਿਰ ੩-੦੦ ਵਜੇ ਤੀਕ ਹੋਵੇਗਾ।ਉਨ੍ਹਾਂ ਅੱਗੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪੰਜਵਾਂ ਗੁਰਮਤਿ ਸਮਾਗਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਵਿਖੇ ੧ ਨਵੰਬਰ ੨੦੧੬ ਮੰਗਲਵਾਰ ਸਵੇਰੇ ੧੦ ਵਜੇ ਤੋਂ ਦੁਪਹਿਰ ੩-੦੦ ਵਜੇ ਤੀਕ ਹੋਵੇਗਾ।
ਸ੍ਰ: ਬੇਦੀ ਨੇ ਇਸ ਵਿਸ਼ੇਸ਼ ਮੌਕੇ ਨਿਕਾਲੇ ਜਾਣ ਵਾਲੇ ਨਗਰ-ਕੀਰਤਨ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਨਗਰ-ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ੨੦ ਨਵੰਬਰ ੨੦੧੬ ਐਤਵਾਰ ਨੂੰ ਆਰੰਭ ਹੋ ਕੇ ੦੧ ਦਸੰਬਰ ੨੦੧੬ ਵੀਰਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਸੰਪੰਨ ਹੋਵੇਗਾ।ਉਨ੍ਹਾਂ ਦੱਸਿਆ ਕਿ ੧੮ ਅਗਸਤ ਨੂੰ (ਪੰਜਾਬੀ, ਹਿੰਦੀ, ਉਰਦੂ) ਕਵੀ ਸਮਾਗਮ ਸਬੰਧੀ ੨੭ ਜੁਲਾਈ ਇਕ ਵਿਸ਼ੇਸ਼ ਇਕੱਤਰਤਾ ਖਾਲਸਾ ਕਾਲਜ ਪਟਿਆਲਾ ਵਿਖੇ ਹੋਵੇਗੀ।ਇਸ ਸਮਾਗਮ ਵਿੱਚ ਰਿਲੀਜ਼ ਕੀਤੀਆਂ ਜਾਣ ਵਾਲੀਆਂ ਕਾਵਿ ਪੁਸਤਕਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।