ਦਸਮ ਪਿਤਾ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਸ੍ਰੀ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤੇ ਲੁਧਿਆਣਾ ਤੋਂ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇਗਾ

ਕੇਂਦਰੀ ਸਿੱਖ ਅਜਾਇਬ ਘਰ ‘ਚ ਸ. ਨਿਰਮਲ ਸਿੰਘ ਘਰਾਚੋਂ, ਸ. ਅਮਰਜੀਤ ਸਿੰਘ ਭਾਟੀਆ, ਢਾਡੀ ਭਾਈ ਗੁਰਬਖਸ਼ ਸਿੰਘ ਅਲਬੇਲਾ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀਆਂ ਤਸਵੀਰਾਂ ਸੁਸ਼ੋਭਿਤ ਹੋਣਗੀਆਂ

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫੈਸਲੇ

21ਅੰਮ੍ਰਿਤਸਰ 22 ਮਾਰਚ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ।ਜਿਸ ਵਿੱਚ ਅਮਲਾ, ਸੈਕਸ਼ਨ ੮੫ ਤੇ ੮੭, ਟਰੱਸਟ ਅਤੇ ਧਰਮ ਪ੍ਰਚਾਰ ਕਮੇਟੀ ਦੇ ਕੰਮਕਾਰ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ।ਅੱਜ ਦੀ ਇਕੱਤਰਤਾ ‘ਚ ਸ. ਨਿਰਮਲ ਸਿੰਘ ਘਰਾਂਚੋਂ ਮੈਂਬਰ ਸ਼੍ਰੋਮਣੀ ਕਮੇਟੀ, ਸ. ਅਮਰਜੀਤ ਸਿੰਘ ਭਾਟੀਆ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਲੁਧਿਆਣਾ ਤੇ ਸ. ਤਰਲੋਚਨ ਸਿੰਘ ਤੁੜ ਸਾਬਕਾ ਮੈਂਬਰ ਪਾਰਲੀਮੈਂਟ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਇਕ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਦਿੱਤੀ ਗਈ।ਭਗਤ ਧੰਨਾ ਜੀ ਦੀ ਸ਼ਤਾਬਦੀ ਤੋਂ ਵਾਪਸ ਆ ਰਹੇ ਨਿਹੰਗ ਸਿੰਘਾਂ ਦੀ ਸੜਕ ਹਾਦਸੇ ‘ਚ ਹੋਈ ਮੌਤ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲੇ ਤੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਹਾਦਸੇ ‘ਚ ਮਾਰੇ ਜਾਣ ਤੇ ਵੀ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ।
ਇਕੱਤਰਤਾ ਉਪਰੰਤ ਪੱਤਰਕਾਰਾਂ ਨੂੰ ਸੰਬੋਧੋਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੰਬੇ ਸਮੇਂ ਤੋਂ ਕੁਝ ਸਿਰਫਿਰੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕਰਨ ਦੀਆਂ ਦੁੱਖਦਾਈ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਦੇਸ਼ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਕੋਝੇ ਯਤਨ ਕੀਤੇ ਜਾ ਰਹੇ ਸਨ।ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਸਰਕਾਰ ਨੂੰ ਕੋਈ ਸਖ਼ਤ ਕਾਨੂੰਨ ਬਨਾਉਣ ਲਈ ਅਪੀਲ ਕੀਤੀ ਜਾ ਰਹੀ ਸੀ, ਜਿਸ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਨਵਾਂ ਸੋਧ ਬਿੱਲ ਪਾਸ ਕੀਤਾ ਗਿਆ ਹੈ, ਜਿਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਉਮਰ ਕੈਦ ਦੀ ਸਜ਼ਾ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੇ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦਾ ਇਸ ਫੈਂਸਲੇ ਪ੍ਰਤੀ ਸਵਾਗਤ ਕਰਦੀ ਹੋਈ ਧੰਨਵਾਦ ਕਰਦੀ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੇਵਲ ਸਿੱਖ ਵੋਟਰਾਂ ਨੂੰ ਗੁਰਦੁਆਰਾ ਚੋਣਾਂ ‘ਚ ਵੋਟ ਦੇ ਅਧਿਕਾਰ ਸਬੰਧੀ ਸਿੱਖ ਗੁਰਦੁਆਰਾ ਐਕਟ ‘ਚ ਸੋਧ ਕਰਨ ਦੇ ਫੈਂਸਲੇ ਲਈ ਅਤੇ ਰਾਜ ਸਭਾ ਵੱਲੋਂ ਇਸ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨਵਾਦ ਕਰਦੀ ਹੋਈ ਇਸ ਫੈਂਸਲੇ ਦੀ ਸ਼ਲਾਘਾ ਕਰਦੀ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਲੋਕ ਸਭਾ ਵਿੱਚ ਵੀ ਇਸ ਬਿੱਲ ਨੂੰ ਜਲਦ ਪ੍ਰਵਾਨਗੀ ਮਿਲ ਜਾਵੇਗੀ।ਉਨ੍ਹਾਂ ਕਿਹਾ ਕਿ ਯੂ ਪੀ ਜ਼ੇਲ੍ਹ ਵਿੱਚ ਲੰਮਾਂ ਸਮਾਂ ਟਾਡਾ ਅਧੀਨ ਸਜ਼ਾ ਭੁਗਤ ਕੇ ਰਿਹਾਅ ਹੋਏ ਭਾਈ ਵਰਿਆਮ ਸਿੰਘ ਦੇ ਪ੍ਰੀਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਰੁਪਏ ਦੀ ਸਹਾਇਤਾ ਤੇ ਉਨ੍ਹਾਂ ਦੀ ਨੂੰਹ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ੫ ਜਨਵਰੀ ੨੦੧੭ ਨੂੰ ਮਨਾਉਣ ਲਈ ਵਿਸ਼ਾਲ ਨਗਰ ਕੀਰਤਨਾਂ ਅਤੇ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਪੁਰ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਤੌਰ ਤੇ ਚਾਰ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਰੇਲਾਂ ਸ੍ਰੀ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤੇ ਲੁਧਿਆਣਾ ਤੋਂ ਚੱਲਣਗੀਆਂ।ਇਨ੍ਹਾਂ ਰੇਲ ਗੱਡੀਆਂ ਦਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ੍ਰੀ ਪਾਊਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ੫੨ ਕਵੀਆਂ ਦਾ ਦਰਬਾਰ ਲਗਾਇਆ ਕਰਦੇ ਸਨ, ਉਨ੍ਹਾਂ ਦੀ ਯਾਦ ਵਿੱਚ ਵਿਸ਼ੇਸ਼ ਕਵੀ ਸਮਾਗਮ ਕਰਵਾਇਆ ਜਾਵੇਗਾ। ਇਸੇ ਸਮਾਗਮ ਨੂੰ ਸਮਰਪਿਤ ਵੱਡੇ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਕਲਗੀਧਰ ਦਸਮੇਸ਼ ਪਿਤਾ ਨੇ ਖਾਲਸੇ ਦੀ ਸਿਰਜਨਾ ਕੀਤੀ ਸੀ, ਦੀਨਾ ਕਾਂਗੜਾ ਜਿੱਥੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਸੀ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਿੱਥੇ ਬਾਬਾ ਬੰਂਦਾ ਸਿੰਘ ਜੀ ਬਹਾਦਰ ਨਾਲ ਮੁਲਾਕਾਤ ਹੋਈ ਇਨ੍ਹਾਂ ਚਾਰ ਪ੍ਰਮੁੱਖ ਥਾਵਾਂ ਤੇ ਕੀਰਤਨ ਦਰਬਾਰ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯਮੁਨਾ ਨਗਰ ਦੇ ਬਿਲਾਸਪੁਰ ਸ਼ਹਿਰ ਵਿੱਚ ਵੀ ਕੀਰਤਨ ਦਰਬਾਰ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਰਾਜਿਸਥਾਨ ਤੇ ਹੋਰ ਥਾਵਾਂ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ ਬਾਰੇ ਡੂੰਘਾਈ ਨਾਲ ਖੋਜ ਕਰਵਾਉਣ ਦਾ ਕਾਰਜ ਡਾ. ਬਲਵੰਤ ਸਿੰਘ ਢਿਲੋਂ ਤੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਣਾਏ ਜਾ ਰਹੇ ਮਿਊਜ਼ੀਅਮ ਦੇ ਕੋ-ਆਰਡੀਨੇਟਰ ਦੀ ਜਿੰਮੇਵਾਰੀ ਵੀ ਇਨ੍ਹਾਂ ਨੂੰ ਸੌਂਪੀ ਗਈ ਹੈ।ਇਹ ਮਿਊਜ਼ੀਅਮ ਜੂਨ ਮਹੀਨੇ ਵਿੱਚ ਤਿਆਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਸ਼ਾਖਾਪਟਨਮ ਵਿਖੇ ਗੁਰਮਤਿ ਵਿਦਿਆਲਾ ਖੋਲ੍ਹਿਆ ਜਾਵੇਗਾ ਅਤੇ ਸ਼ਿਕਲੀਗਰ ਸਿੱਖਾਂ ਦੀ ਮੰਗ ਤੇ ਦੋ ਗੁਰਦੁਆਰਾ ਸਾਹਿਬਾਨ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ੧੯੮੪ ਦੇ ਫੌਜੀ ਹਮਲੇ ਦੌਰਾਨ ਲੱਗੀਆਂ ਗੋਲੀਆ ਦੇ ਨਿਸ਼ਾਨਾਂ ਨੂੰ ਸੁਰੱਖਿਅਤ ਕਰਕੇ ਇਨ੍ਹਾਂ ਦੀ ਫੋਟੌਗ੍ਰਾਫੀ ਤੇ ਵੀਡੀਓ ਗ੍ਰਾਫੀ ਕਰਨ ਉਪਰੰਤ ਰੰਗ-ਰੋਗਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੀ ਦਰਸ਼ਨੀ ਡਿਓੜੀ ‘ਤੇ ਜਿੱਥੇ ਗੰਨ ਸ਼ਾਰਟ ਦੇ ਨਿਸ਼ਾਨ ਹਨ ਉਨ੍ਹਾਂ ਨੂੰ ਸਪੈਸ਼ਲ ਕਿਸਮ ਦੇ ਸ਼ੀਸ਼ੇ ਲਗਾ ਕੇ ਸੰਭਾਲਿਆ ਜਾਵੇਗਾ ਤੇ ਲੋੜੀਂਦੀ ਰੈਨੋਵੇਸ਼ਨ ਵੀ ਕੀਤੀ ਜਾਵੇਗੀ।ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਬਜ਼ਾਰ ਦੇ ਨਜਦੀਕ ਬਜ਼ਾਰ ਦਰਸ਼ਨੀ ਡਿਓੜੀ ਵਿਖੇ ਸਥਿਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਦਰਸ਼ਨੀ ਡਿਓੜੀ ਦੀ ਰੈਨੋਵੇਸ਼ਨ ਕਰਵਾ ਕੇ ਜਿਓਂ ਦਾ ਤਿਓਂ ਸੁਰੱਖਿਅਤ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਬੱਚੇ ਕੈਂਬਰਿਜ ਯੂਨੀਵਰਸਿਟੀ ‘ਚ ਪੜ੍ਹ ਰਹੇ ਹਨ ਉਨ੍ਹਾਂ ਦੀ ਫੀਸ ਅਦਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਿਵਲ ਸਰਵਿਸਿਜ਼ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਤੇ ਕਮਿਸ਼ਨ ਆਫੀਸਰ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਵਿਦਿਆਰਥੀਆਂ ਦੀ ਐਡਮਿਸ਼ਨ ਕੀਤੀ ਜਾ ਰਹੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ੯੫ ਫੀਸਦੀ ਦੇ ਕਰੀਬ ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਵਿੱਚ ਪੜਾਈ ‘ਚ ਮੈਰਿਟ ਵਿੱਚ ਆਉਣ ਵਾਲੇ ਗਰੀਬ ਸਿੱਖ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਯਾਤਰਾ ਗੁਰਦੁਆਰਾ ਸਾਹਿਬਾਨ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਅਤੇ ਬਰਸੀ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੂਨ ੨੦੧੬ ਸਮੇਂ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਪੁਰ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ. ਨਿਰਮਲ ਸਿੰਘ ਘਰਾਚੋਂ ਮੈਂਬਰ ਸ਼੍ਰੋਮਣੀ ਕਮੇਟੀ, ਸ. ਅਮਰਜੀਤ ਸਿੰਘ ਭਾਟੀਆਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਪੰਥਕ ਢਾਡੀ ਭਾਈ ਗੁਰਬਖਸ਼ ਸਿੰਘ ਅਲਬੇਲਾ ਦੀ ਤਸਵੀਰ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬਾਬਾ ਬਲਬੀਰ ਸਿੰਘ ੯੬ਵੇਂ ਕਰੋੜੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁੱਜੀ ਦਰਖਾਸਤ ਦੇ ਆਧਾਰ ਪੁਰ ਬੁੱਢਾ ਦਲ ਦੇ ਪੁਰਾਤਨ ਆਗੂਆਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣਗੀਆਂ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ ਤੇ ਸ. ਮੋਹਣ ਸਿੰਘ ਬੰਗੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਬਿਜੈ ਸਿੰਘ, ਸ. ਕੇਵਲ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ ਤੇ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।