unnamed
ਅੰਮ੍ਰਿਤਸਰ : 28 ਅਗਸਤ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ੨ ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਦੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਕੱਤਰਤਾ ਬੁਲਾਈ ਗਈ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਦੇ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਸੁਲੱਖਣ ਸਿੰਘ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਗੇਟ ਦੇ ਮੈਨੇਜਰ ਸ੍ਰ: ਸੁਖਜਿੰਦਰ ਸਿੰਘ ਮੰਡ, ਸਮੂਹ ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਸ਼ਬਦ ਕੀਰਤਨੀ ਜਥੇ, ਗਤਕਾ ਪਾਰਟੀਆਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਇਕੱਤਰਤਾ ਵਿੱਚ ਵੱਖ-ਵੱਖ ਨੁਮਾਇੰਦਿਆਂ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਯੋਜਿਤ ਹੋਣ ਵਾਲਾ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਾਰ ਸਾਹਿਬ ਤੋਂ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਕੱਤਰਤਾ ਵਿੱਚ ਹੋਏ ਫੈਂਸਲਿਆਂ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਸੁਲੱਖਣ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ੧੭ ਅਕਤੂਬਰ ਨੂੰ ਆਉਣ ਵਾਲੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ੧੬ ਸਤੰਬਰ ਤੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਰਾਤ ਦੇ ਗੁਰਮਤਿ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਅਤੇ ਵੱਖ-ਵੱਖ ਅਸਥਾਨਾ ਤੇ ਇਹ ਗੁਰਮਤਿ ਸਮਾਗਮ ਕਰਕੇ ੧੫ ਅਕਤੂਬਰ ਨੂੰ ਗੁਰਦੁਆਰਾ ਸ੍ਰੀ ਛਿਹਰਟਾ ਸਾਹਿਬ ਵਿਖੇ ਸਮਾਪਤ ਹੋਣਗੇ। ਉਨ੍ਹਾਂ ਕਿਹਾ ਇਸ ਇਕੱਤਰਤਾ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਣ ਆਉਣ ਵਾਲੇ ਨਗਰ ਕੀਰਤਨਾਂ ਦੇ ਰੂਟ ਬਦਲਣ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਗਲੀ ਇਕੱਤਰਤਾ ਸਤੰਬਰ ਦੇ ਪਹਿਲੇ ਹਫ਼ਤੇ ਫਿਰ ਰੱਖੀ ਗਈ ਹੈ।
ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਨੇ ਇਕੱਤਰਤਾ ਵਿੱਚ ਸ਼ਾਮਿਲ ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਧਰਮ ਪ੍ਰਚਾਰ ਦਾ ਇਕ ਅਹਿਮ ਹਿੱਸਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਗਿਆ ਅਤੇ ਬਾਕੀ ਗੁਰੂ ਸਾਹਿਬਾਨ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਸਭ ਧਰਮਾਂ ਦੇ ਲੋਕਾਂ ਨੂੰ ਗਲੇ ਲਗਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਸ ਪਾਵਨ ਪਵਿੱਤਰ ਗ੍ਰੰਥ ਵਿੱਚ ਦਰਜ ਕੀਤਾ ਓਥੇ ਵੱਖ-ਵੱਖ ਧਰਮਾਂ ਦੇ ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਇਸ ਵਿੱਚ ਦਰਜ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਸੰਗਤਾਂ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦੇ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ। ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਉਂਦੇ ਹਾਂ ਤਾਂ ਉਸ ਵਿੱਚ ਦਰਜ ਵੱਖ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਨੂੰ ਵੀ ਨਮਸਕਾਰ ਕਰਦੇ ਹਾਂ। ਉਨ੍ਹਾਂ ਇਕੱਤਰਤਾ ਵਿੱਚ ਸ਼ਾਮਿਲ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਨਾਲ ਪ੍ਰੇਰ ਕੇ ਇਨ੍ਹਾਂ ਨਗਰ ਕੀਰਤਨਾਂ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰਿਆ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਹੀ ਵੱਖ-ਵੱਖ ਦਿਹਾੜਿਆਂ ਤੇ ਨਗਰ ਕੀਰਤਨਾਂ ਦਾ ਆਯੋਜਨ ਕਰਦੀ ਹੈ ਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਸੰਪੂਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਂਝੀ ਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਤੇ ਸੰਗਤਾਂ ਹੁੰਮ ਹੁਮਾ ਕੇ ਹਾਜ਼ਰੀਆਂ ਭਰਨ ਅਤੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲਾ ਹੋਣ।
ਇਸ ਸਮੇਂ ਵੱਖ-ਵੱਖ ਬੁਲਾਰਿਆਂ ਵਿੱਚ ਸ੍ਰ: ਸੰਤੋਖ ਸਿੰਘ ਸੇਠੀ, ਸ੍ਰ: ਸੁਖਵਿੰਦਰ ਸਿੰਘ, ਸ੍ਰ: ਸੁਰਿੰਦਰ ਸਿੰਘ ਰਾਗੀ, ਸ੍ਰ: ਹਰਜੀਤ ਸਿੰਘ, ਸ੍ਰ:; ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ੍ਰ: ਚਰਨਜੀਤ ਸਿੰਘ ਅਖੰਡ ਕੀਰਤਨੀ ਜਥਾ, ਸ੍ਰ: ਅਜਾਇਬ ਸਿੰਘ, ਸ੍ਰ: ਭੂਪਿੰਦਰ ਸਿੰਘ ਆਦਿ ਨੇ ਨਗਰ-ਕੀਰਤਨ ਦੇ ਪ੍ਰਬੰਧਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਸੇਵਾ ਸ੍ਰ: ਜਗਜੀਤ ਸਿੰਘ ਖਾਲਸਾ ਨੇ ਨਿਭਾਈ।
ਇਸ ਮੌਕੇ ਸ੍ਰ: ਲਖਬੀਰ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,  ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਅਜੀਤ ਸਿੰਘ ਇੰਚਾਰਜ ਭਾਈ ਗੁਰਦਾਸ ਹਾਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਹਾਜ਼ਰ ਸੀ।