ਅੰਮ੍ਰਿਤਸਰ, 22 ਅਗਸਤ- ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਦਿਵਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਆਰੰਭਤਾ ਦੀ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਾਵਨ ਹੁਕਮਨਾਮਾ ਲਿਆ। ਨਗਰ ਕੀਰਤਨ ਦੌਰਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਰੰਪਰਾ ਅਨੁਸਾਰ ਆਪਣੇ ਸੀਸ ਉਪਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਪਾਲਕੀ ਸਾਹਿਬ ਵਿਚ ਸਸ਼ੁਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਵੀ ਨਿਭਾਈ।  ਇਹ ਨਗਰ ਕੀਰਤਨ ਕਰੋੜੀ ਚੌਂਕ ਅਤੇ ਬਾਬਾ ਸਾਹਿਬ ਚੌਂਕ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੰਨ ਹੋਇਆ। ਇਸ ਸਮੇਂ ਦੂਰੋਂ-ਨੇੜਿਓਂ ਪੁੱਜੀਆਂ ਸੰਗਤਾਂ, ਗੱਤਕਾ ਅਖਾੜਿਆਂ, ਸਭ-ਸੁਸਾਇਟੀਆਂ, ਸਕੂਲੀ ਬੱਚਿਆਂ ਦੀਆਂ ਬੈਂਡ ਤੇ ਗੱਤਕਾ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਵੀ ਲਗਾਏ ਗਏ। ਇਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਤੋਂ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਭਾਈ ਅਮਨਦੀਪ ਸਿੰਘ ਦੇ ਜੱਥੇ ਵੱਲੋਂ ਕੀਤਾ ਗਿਆ।
ਨਗਰ ਕੀਰਤਨ ਦੀ ਆਰੰਭਤਾ ਸਮੇਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਿਥੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਇਤਿਹਾਸ ਵਿਚੋਂ ਇਸ ਮਹਾਨ ਨਗਰ ਕੀਰਤਨ ਦੀ ਪਰੰਪਰਾ ਸਬੰਧੀ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ੧੬੦੪ ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਪਰੰਤ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਲਿਜਾਇਆ ਗਿਆ ਸੀ। ਇਸੇ ਪਰੰਪਰਾ ਤਹਿਤ ਹਰ ਸਾਲ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਲਈ ਚਾਨਣ ਮੁਨਾਰਾ ਤੇ ਕ੍ਰਾਂਤੀਕਾਰੀ ਫਲਸਫਾ ਹੈ ਜਿਸਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਨੂੰ ਰੁਸ਼ਨਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਅਮਲੀ ਰੂਪ ਵਿਚ ਅਪਣਾ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ।
ਇਸ ਮੌਕੇ ਗੱਲਬਾਤ ਕਰਦਿਆਂ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਕੇ ਹਨ੍ਹੇਰੇ ਵਿਚ ਭਟਕਦੇ ਮਨੁੱਖਾ ਜੀਵਨ ਦਾ ਮਾਰਗ ਦਰਸ਼ਨ ਕੀਤਾ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌ ਸਜਾਏ, ਸੁੰਦਰ ਦੀਪਮਾਲਾ ਅਤੇ ਫੁੱਲਾਂ ਦੀ ਸ਼ਾਨਦਾਰ ਸਜਾਵਟ ਵੀ ਕੀਤੀ ਗਈ। ਸ਼ਾਮ ਨੂੰ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜ਼ੀ ਵੀ ਚਲਾਈ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਮੈਂਬਰ ਭਾਈ ਮਨਜੀਤ ਸਿੰਘ ਤੇ ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ, ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਹਰਜਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸੁਖਵਿੰਦਰ ਸਿੰਘ, ਸ. ਸਤਿੰਦਰ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਮਹਿੰਦਰ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ, ਸ. ਰਘਬੀਰ ਸਿੰਘ ਮੰਡ ਤੇ ਸ. ਗੁਰਿੰਦਰ ਸਿੰਘ, ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਹਰਜਿੰਦਰ ਸਿੰਘ, ਸ. ਸਤਨਾਮ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਹਰਪ੍ਰੀਤ ਸਿੰਘ, ਸ. ਬਘੇਲ ਸਿੰਘ, ਸ. ਪਰਮਜੀਤ ਸਿੰਘ ਤੇ ਸ. ਲਖਬੀਰ ਸਿੰਘ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸੰਤ ਹਰੀਦੇਵ ਸਿੰਘ ਈਸਾਪੁਰ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੱਲੋਂ ਬਾਬਾ ਅਵਤਾਰ ਸਿੰਘ, ਸ. ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।